ਪੱਤਰ ਪ੍ਰੇਰਕ
ਖਰੜ, 4 ਜੁਲਾਈ
ਸੰਨੀ ਐਨਕਲੇਵ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਸੰਨੀ ਐਨਕਲੇਵ ਵਿਚ ਹਰ ਰੋਜ਼ ਅਣ-ਐਲਾਨੇ ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਇਸ ਕਾਰਨ ਇਥੋਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਅੱਜ ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੱਬੂ ਤੇ ਜਨਰਲ ਸਕੱਤਰ ਅਸ਼ੋਕ ਕਪੂਰ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿ ਇਥੇ ਬਣਾਏ ਗਏ 66 ਕੇਵੀ ਪਾਵਰ ਸਟੇਸ਼ਨ ’ਤੇ ਬਹੁਤ ਲੋਡ ਹੈ ਤੇ ਪੀਕ ਸੀਜ਼ਨ ਮੌਕੇ ਵੋਲਟੇਜ਼ ਬਹੁਤ ਘੱਟ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਟਰਾਂਸਫਾਰਮਰ ਸਿਰਫ 125 ਸੈਕਟਰ ਸੰਨੀ ਐਨਕਲੇਵ ਲਈ ਲਗਾਇਆ ਗਿਆ ਸੀ, ਪਰ ਹੁਣ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਜੰਡਪੁਰ, ਮਨਾਣਾ, ਸ਼ਿਵਾਲਿਕ ਸਿਟੀ ਤੇ ਨਿੱਝਰ ਰੋਡ ਨੂੰ ਵੀ ਇਸ ਨਾਲ ਜੋੜ ਦਿੱਤਾ ਗਿਆ ਹੈ।