ਲੁਧਿਆਣਾ (ਟਨਸ): ਹੁਣ ਸਨਅਤੀ ਸ਼ਹਿਰ ਦੇ ਰੇਸਤਰਾਂ, ਹੋਟਲ ਤੇ ਢਾਬਿਆਂ ਵਿਚ ਬੈਠ ਕੇ ਲੋਕ ਖਾਣਾ ਖਾ ਸਕਣਗੇ। ਕਰੀਬ ਤਿੰਨ ਮਹੀਨੇ ਬਾਅਦ ਸ਼ਹਿਰ ਦੇ ਹੋਟਲਾਂ, ਰੇਸਤਰਾਂ ਵਿਚ ਰੌਣਕ ਵਾਪਸ ਆਏਗੀ। ਇਸ ਲਈ ਅੱਜ ਸਰਕਾਰ ਨੇ ਰੇਸਤਰਾਂ, ਹੋਟਲਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਆਮ ਵਾਂਗ ਖੋਲ੍ਹਣ ਲਈ ਮਨਜ਼ੂਰੀ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਰੇਸਤਰਾਂ ਨੂੰ ਰਾਤ 8 ਵਜੇ ਤੱਕ ‘ਡਾਈਨ-ਇਨ’ (ਖਾਣਾ ਖਾਣ) ਦੀ ਸਹੂਲਤ ਦਿੱਤੀ ਗਈ ਹੈ, ਜਿਸ ਵਿਚ 50 ਫੀਸਦੀ ਜਾਂ ਫਿਰ ਵੱਧ ਤੋਂ ਵੱਧ 50 ਲੋਕਾਂ ਦੇ ਬੈਠਣ ਦੀ ਮਨਜ਼ੂਰੀ ਹੈ। ਇਸ ਤੋਂ ਇਲਾਵਾ ਹੋਟਲ ਮਹਿਮਾਨਾਂ ਦੇ ਨਾਲ ਨਾਲ ਬਾਹਰੋਂ ਆਏ ਵਿਅਕਤੀਆਂ ਲਈ ਵੀ ਸਮਾਂ ਰਾਤ 8 ਵਜੇ ਤੱਕ ਰਹੇਗਾ। ਹਾਲਾਂਕਿ ਹੋਟਲਾਂ ਦੇ ਬਾਰ ਬੰਦ ਰਹਿਣਗੇ। ਪਰ ਰਾਜ ਦੀ ਆਬਕਾਰੀ ਨੀਤੀ ਤਹਿਤ ਆਗਿਆ ਅਨੁਸਾਰ ਕਮਰਿਆਂ ਤੇ ਰੈਸਤਰਾਂ ’ਚ ਸ਼ਰਾਬ ਵਰਤਾਈ ਜਾ ਸਕਦੀ ਹੈ।