ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਜੁਲਾਈ
ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ (ਮਿੱਡ-ਡੇਅ ਮੀਲ) ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮਿੱਡ-ਡੇਅ ਮੀਲ ਸਕੀਮ ਨੂੰ ਪੰਜਾਬ ’ਚ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਤੇ ਇਸ ਸਕੀਮ ਦੇ ਇਤਿਹਾਸ ’ਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਅਨਾਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਗਰਮੀਆਂ ਦੀਆਂ ਛੁੱਟੀਆਂ ਲਈ ਬੱਚਿਆਂ ਨੂੰ ਮਿੱਡ-ਡੇਅ ਮੀਲ ਸਕੀਮ ਦਾ ਲਾਭ ਨਹੀਂ ਦਿੱਤਾ ਗਿਆ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਉਪਜੇ ਔਖੇ ਹਾਲਾਤਾਂ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਮਿੱਡ-ਡੇਅ ਮੀਲ ਸਕੀਮ ਤਹਿਤ ਬਣਦਾ ਅਨਾਜ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਤੈਅ ਮਾਪਦੰਡਾਂ ਤਹਿਤ ਖਾਣਾ ਬਣਾਉਣ ’ਤੇ ਖਰਚ ਕੀਤੇ ਜਾਣ ਵਾਲੀ ਰਾਸ਼ੀ ਵੀ ਸਿੱਧੇ ਉਨ੍ਹਾਂ ਦੇ ਖਾਤੇ ’ਚ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਜੋ ਇਸ ਵਾਰ 11 ਅਪਰੈਲ ਤੋਂ 10 ਮਈ ਤੱਕ ਐਲਾਨੀਆਂ ਗਈਆਂ ਸਨ, ਦਾ ਬਣਦਾ ਅਨਾਜ ਸਕੂਲਾਂ ਦੇ ਅਧਿਆਪਕਾਂ ਰਾਹੀਂ ਬੱਚਿਆਂ ਤੱਕ ਪਹੁੰਚਦਾ ਕੀਤਾ ਗਿਆ ਹੈ। ਗਰਮੀਆਂ ਦੀਆਂ ਛੁੱਟੀਆਂ ਤੋਂ ਇਲਾਵਾ, 23 ਮਾਰਚ ਤੋਂ 10 ਮਈ 2020 ਤੱਕ ਸਿੱਖਿਆ ਵਿਭਾਗ ਵੱਲੋਂ ਮਿੱਡ-ਡੇਅ ਮੀਲ ਦੇ ਅਨਾਜ ਦੀ ਵੰਡ ਦੌਰਾਨ ਹਰ ਐਤਵਾਰ ਤੇ ਹੋਰ ਛੁੱਟੀਆਂ ਦਾ ਅਨਾਜ ਵੀ ਸਕੂਲਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 11 ਮਈ 2020 ਤੋਂ ਬਾਅਦ ਹੀ ਅਨਾਜ ਦੀ ਵੰਡ ਦੌਰਾਨ ਐਤਵਾਰ ਤੇ ਹੋਰ ਛੁੱਟੀਆਂ ਕੱਢੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਕਾਦਮਿਕ ਵਰ੍ਹੇ 2020-21 ਦੀ ਪਹਿਲੀ ਤਿਮਾਹੀ (ਅਪਰੈਲ ਤੋਂ ਜੂਨ) ਦਾ ਅਨਾਜ ਸੀਲਬੰਦ ਲਿਫ਼ਾਫਿਆਂ ’ਚ ਪੈਕ ਕਰਕੇ ਵਿਦਿਆਰਥੀਆਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ ਜਦੋਂਕਿ ਦੂਸਰੀ ਤਿਮਾਹੀ (ਜੁਲਾਈ ਤੋਂ ਸਤੰਬਰ) ਲਈ ਅਨਾਜ ਦੀ ਸਪਲਾਈ ਵੀ ਜਲਦੀ ਸਕੂਲਾਂ ਤੱਕ ਪੁੱਜ ਜਾਵੇਗੀ।