ਮੁੰਬਈ, 4 ਜੁਲਾਈ
ਬੌਲੀਵੁੱਡ ਦੇ ਉੱਘੇ ਅਦਾਕਾਰ ਧਰਮਿੰਦਰ ਲੁਧਿਆਣਾ ਸਥਿਤ ਆਪਣੇ ਚਹੇਤੇ ਸਿਨੇਮਾ ਹਾਲ ਰੇਖੀ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੋਏ। ਸ਼ਨਿਚਰਵਾਰ ਨੂੰ ਅਦਾਕਾਰ ਧਰਮਿੰਦਰ ਨੇ ਟਵਿੱਟਰ ’ਤੇ ਸਿਨੇਮਾ ਹਾਲ ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਇਸ ਦੀ ਮੌਜੂਦਾ ਹਾਲਤ ਦੇਖ ਕੇ ਕਾਫੀ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਇਸ ਸਿਨੇਮਾ ਹਾਲ ਵਿੱਚ ਦੇਖੀਆਂ ਫਿਲਮਾਂ ਅਤੇ ਇੱਥੇ ਖਾਧੀਆਂ ਚੀਜ਼ਾਂ ਨੂੰ ਵੀ ਚੇਤੇ ਕੀਤਾ। ਇਸ 82 ਸਾਲਾ ਅਦਾਕਾਰ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਰੇਖੀ ਸਿਨੇਮਾ, ਲੁਧਿਆਣਾ….. ਅਣਗਿਣਤ ਫਿਲਮਾਂ ਦੇਖੀਆਂ ਨੇ ਇੱਥੇ…ਇਹ ਸੰਨਾਟਾ ਦੇਖ ਕੇ….ਦਿਲ ਉਦਾਸ ਹੋ ਗਿਆ ਮੇਰਾ…।’’ ਮਿਨਰਵਾ ਤੋਂ ਬਾਅਦ ਰੇਖੀ ਲੁਧਿਆਣਾ ਦਾ ਦੂਜਾ ਸਭ ਤੋਂ ਪੁਰਾਣਾ ਥੀਏਟਰ ਹੈ ਜੋ ਅੰਗਰੇਜ਼ਾਂ ਦੇ ਸਮੇਂ ਦਾ ਹੈ। ਇਹ ਥੀਏਟਰ 1933 ਵਿੱਚ ਬਣਿਆ ਸੀ। ਹਾਲਾਂਕਿ, ਹੁਣ ਇਸ ਦੀ ਹਾਲਤ ਬੇਆਬਾਦ ਵਰਗੀ ਲੱਗਦੀ ਹੈ। ਇਸ ਦੌਰਾਨ ਧਰਮਿੰਦਰ ਨੇ ਟਵਿੱਟਰ ’ਤੇ ਆਪਣੇ ਚਾਹੁਣ ਵਾਲਿਆਂ ਨਾਲ ਵੀ ਗੱਲਬਾਤ ਕੀਤੀ। ਇਕ ਵਿਅਕਤੀ ਵੱਲੋਂ ਪੁੱਛੇ ਜਾਣ ’ਤੇ ਕਿ ਉਹ ਰੇਖੀ ਸਿਨੇਮਾ ਦਾ ਮਸ਼ਹੂਰ ਟਿੱਕੀ ਟੋਸਟ ਵੀ ਖਾਂਦੇ ਸਨ। ਇਸ ’ਤੇ ਅਦਾਕਾਰ ਨੇ ਜਵਾਬ ਦਿੱਤਾ, ‘‘ਬਜਟ ਵਿੱਚ ਇਕ ਚਵੰਨੀ ਟਿੱਕੀ ਸਮੋਸੇ ਲਈ ਹਮੇਸ਼ਾਂ ਰੱਖਦਾ ਸੀ।’’
-ਆਈਏਐੱਨਐੱਸ