ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 26 ਜੁਲਾਈ
ਸਿਹਤ ਵਿਭਾਗ ਦੀ ਐੱਸਐੱਮਓ ਡਾਕਟਰ ਕੁਲਜੀਤ ਕੌਰ ਅਤੇ ਨਗਰ ਪੰਚਾਇਤ ਨਵਾਂ ਗਾਉਂ ਦੀ ਸਾਂਝੀ ਟੀਮ ਵੱਲੋਂ ਵਿਸ਼ੇਸ਼ ਤੌਰ ਉੱਤੇ ਕਈ ਘਰਾਂ ਵਿੱਚ ਪਹੁੰਚ ਕੇ ਪਾਣੀ ਵਾਲੇ ਕੂਲਰਾਂ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਵੱਲੋਂ ਮਿਲੀ ਰਿਪੋਰਟ ਅਨੁਸਾਰ ਆਦਰਸ਼ ਨਗਰ ਵਿਖੇ ਅੱਠ ਘਰਾਂ ਵਿੱਚੋਂ ਸਟੋਰ ਕੀਤੇ ਪਾਣੀ ਅਤੇ ਕੂਲਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਇਸ ਸਬੰਧੀ ਸੈਨੇਟਰੀ ਇੰਸਪੈਕਟਰ ਲਾਲ ਚੰਦ, ਸੁਪਰਵਾਈਜ਼ਰ ਜਸਪਾਲ ਸਿੰਘ ਅਤੇ ਬਹਾਦਰ ਸਿੰਘ ਵੱਲੋਂ ਸਾਰੇ ਘਰਾਂ ਦੇ ਚਲਾਨ ਵੀ ਕੀਤੇ ਗਏ ਹਨ। ਸਿਹਤ ਵਿਭਾਗ ਦੇ ਸਬੰਧਤ ਅਫਸਰਾਂ ਵੱਲੋਂ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਘਰਾਂ ਵਿੱਚ ਕੂਲਰਾਂ ਵਿਚ ਜ਼ਿਆਦਾ ਦੇਰ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੜੇ ਪਾਣੀ ਵਿੱਚ ਮੱਖੀ ਮੱਛਰ ਫੈਲਦਾ ਹੈ ਜਿਸ ਤੋਂ ਸਰੀਰ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਾਲੇ ਕੂਲਰਾਂ ਦੀ ਸਮੇਂ-ਸਮੇਂ ’ਤੇ ਜਲਦੀ ਸਾਫ਼- ਸਫਾਈ ਵੱਲ ਧਿਆਨ ਦਿੱਤਾ ਜਾਵੇ। ਇਸ ਮੌਕੇ ਨਗਰ ਪੰਚਾਇਤ ਦੇਅਫਸਰ ਦਲਜੀਤ ਸਿੰਘ, ਬਲਵੰਤ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।