ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੂਨ
ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਦੀ ਚੌਥੀ ਮੰਜ਼ਿਲ ਦੀ ਸੀਲਿੰਗ ਉੱਖੜਨੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਗਰਾਊਂਡ ਫਲੋਰ ਤੋਂ ਲੈ ਕੇ ਚੌਥੀ ਮੰਜ਼ਲ ਤੱਕ ਦਰਜਨਾਂ ਪਖਾਨਿਆਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਪਿਛਲੀ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਬਣੀ ਇਸ ਆਲੀਸ਼ਾਨ ਇਮਾਰਤ ਵਿੱਚ ਕਾਫ਼ੀ ਖ਼ਾਮੀਆਂ ਹਨ। ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਦਫ਼ਤਰ ਨੂੰ ਛੱਡ ਕੇ ਲੱਗਪਗ ਬਾਕੀ ਕਿਸੇ ਵੀ ਦਫ਼ਤਰ ਨਾਲ ਬਾਥਰੂਮ ਅਟੈਚ ਨਹੀਂ ਹਨ। ਇਮਾਰਤ ਦੇ ਚਾਰੇ ਕੋਨਿਆਂ ’ਚ ਬਣਾਏ ਗਏ ਪਬਲਿਕ ਪਖਾਨਿਆਂ ਦੀ ਸਫ਼ਾਈ ਪੱਖੋਂ ਹਾਲਤ ਮਾੜੀ ਹੈ। ਇਹੀ ਨਹੀਂ ਫੁਟਪਾਥ ਦੀਆਂ ਕਾਫੀ ਟਾਈਲਾਂ ਉੱਖੜੀਆਂ ਪਈਆਂ ਹਨ ਅਤੇ ਰਾਹ ’ਚ ਆਵਾਰਾ ਕੁੱਤਿਆਂ ਅਤੇ ਹੋਰ ਪੰਛੀਆਂ ਦੀ ਕਾਫੀ ਗੰਦਗੀ ਪਈ ਹੈ।
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ ਸਰਕਾਰ ਵੇਲੇ 110.57 ਕਰੋੜ ਦੀ ਲਾਗਤ ਨਾਲ ਬਣਾਈ ਗਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਸ ਇਮਾਰਤ ਦਾ ਉਦਘਾਟਨ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 25 ਅਗਸਤ 2016 ਨੂੰ ਕੀਤਾ ਸੀ।
ਦਫ਼ਤਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੰਪਲੈਕਸ ਦੀ ਸਫ਼ਾਈ ਵੱਲ ਖਾਸ ਧਿਆਨ ਨਹੀਂ ਦਿੱਤਾ ਰਿਹਾ ਹੈ। ਕਈ ਪਖਾਨਿਆਂ ’ਚ ਸਫ਼ਾਈ ਦਾ ਬੁਰਾ ਹਾਲ ਹੈ ਤੇ ਛੱਤਾਂ ’ਚੋਂ ਗੰਦਾ ਪਾਣੀ ਟਪਕ ਰਿਹਾ ਹੈ। ਇਹੀ ਨਹੀਂ ਕਈ ਸਰਕਾਰੀ ਦਫ਼ਤਰਾਂ ਦੇ ਬਾਬੂ ਕੂੜਾ ਇਕੱਠਾ ਕਰਕੇ ਪਖਾਨਿਆਂ ਦੇ ਬਾਹਰ ਹੀ ਢੇਰ ਲਗਾ ਦਿੰਦੇ ਹਨ। ਬੇਸਮੈਂਟ ਵਿੱਚ ਵਾਹਨ ਪਾਰਕਿੰਗ ’ਚ ਲੋਕਾਂ ਵੱਲੋਂ ਖੁੱਲ੍ਹੇ ਵਿੱਚ ਬਾਥਰੂਮ ਜਾਣ ਕਾਰਨ ਗੰਦਗੀ ਫੈਲ ਰਹੀ ਹੈ। ਪਖਾਨਿਆਂ ਸਮੇਤ ਦਫ਼ਤਰਾਂ ਇਮਾਰਤਾਂ ਦੀਆਂ ਕੰਧਾਂ ਤੋਂ ਸੀਮੈਂਟ ਝੜ ਕੇ ਥੱਲੇ ਡਿੱਗ ਰਿਹਾ ਹੈ ਤੇ ਕਾਫ਼ੀ ਦਫ਼ਤਰਾਂ ਦੀ ਸਲ੍ਹਾਬ ਆਉਣ ਕਾਰਨ ਦਫ਼ਤਰਾਂ ਦੀ ਸੂਰਤ ਵੀ ਵਿਗੜ ਚੁੱਕੀ ਹੈ।
ਕੰਪਲੈਕਸ ਉਸਾਰੀ ’ਚ ਵਰਤੀ ਸਮੱਗਰੀ ਦੀ ਜਾਂਚ ਦੀ ਮੰਗੀ
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਮੰਗ ਕੀਤੀ ਕਿ 110 ਕਰੋੜ ਦੀ ਲਾਗਤ ਨਾਲ ਬਣਾਏ ਗਏ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਦੀ ਉਸਾਰੀ ਵਿੱਚ ਵਰਤੇ ਗਏ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ’ਚ ਇਸ ਆਲੀਸ਼ਾਨ ਇਮਾਰਤ ਦੀ ਮਾੜੀ ਹੋਈ ਹਾਲਤ ਉਸਾਰੀ ਕਾਰਜਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ।
ਮਾਮਲਾ ਧਿਆਨ ’ਚ ਨਹੀਂ: ਡੀਸੀ
ਮੁਹਾਲੀ ਦੀ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਛੱਤ ਦੀ ਸੀਲਿੰਗ ਖਰਾਬ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਸਫ਼ਾਈ ਠੇਕੇਦਾਰ ਨੂੰ ਨਵੀਆਂ ਸ਼ਰਤਾਂ ਅਨੁਸਾਰ ਠੇਕਾ ਦਿੱਤਾ ਗਿਆ ਹੈ। ਪਖਾਨਿਆਂ ਅਤੇ ਇਮਾਰਤ ਦੀ ਸਫ਼ਾਈ ਹੀ ਨਹੀਂ ਬਲਕਿ ਇਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਠੇਕੇਦਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਜੇਕਰ ਫਿਰ ਵੀ ਕੰਪਲੈਕਸ ਅਤੇ ਪਖਾਨਿਆਂ ਦੀ ਸਫ਼ਾਈ ਵਿੱਚ ਕੋਈ ਦਿੱਕਤਾਂ ਹਨ। ਇਸ ਸਬੰਧੀ ਠੇਕੇਦਾਰ ਦੀ ਜਵਾਬਤਲਬੀ ਕੀਤੀ ਜਾਵੇਗੀ। ਉਂਜ ਉਨ੍ਹਾਂ ਕਿਹਾ ਕਿ ਊਸਾਰੀ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰੱਖ-ਰਖਾਓ ਲਈ ਲੋੜੀਂਦੇ ਫੰਡਾਂ ਦੀ ਵਿਵਸਥਾ ਨਹੀਂ ਹੈ ਜਿਸ ਕਾਰਨ ਦਿੱਕਤਾਂ ਆ ਰਹੀਆਂ ਹਨ।