ਖੇਤਰੀ ਪ੍ਰਤੀਨਿਧ
ਬਰਨਾਲਾ, 10 ਜੂਨ
ਲੰਘੀ 8 ਜੂਨ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਕੂਲ ਨੇੜਲੀ ਸਰਕਾਰੀ ਆਈਟੀਆਈ (ਲੜਕੇ) ਦੀ ਟੈਂਕੀ ’ਤੇ ਦਿਨ-ਰਾਤ ਡਟੀਆਂ 5 ਅਧਿਆਪਕਾਵਾਂ ਦੇ ਸੰਘਰਸ਼ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਜ਼ਿਲ੍ਹੇ ਦੀਆਂ ਕਈ ਸੰਘਰਸ਼ਸ਼ੀਲ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਇੱਕ ਅਧਿਆਪਕਾ ਦੇ ਅੱਜ ਮੁੜ ਬੇਹੋਸ਼ ਹੋਣ ਦੇ ਬਾਵਜੂਦ ਅਧਿਆਪਕਾਵਾਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਟੈਂਕੀ ਤੋਂ ਉੱਤਰਨ ਲਈ ਤਿਆਰ ਨਹੀਂ ਹਨ। ਇਨ੍ਹਾਂ ਅਧਿਕਾਵਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਆਗੂ ਬਲਵੰਤ ਸਿੰਘ ਉਪਲੀ, ਗੁਰਦੇਵ ਸਿੰਘ ਮਾਂਗੇਵਾਲ, ਡੀਐੱਮਐੱਫ ਦੇ ਮਹਿਮਾ ਸਿੰਘ ਤੇ ਖੁਸ਼ਮਿੰਦਰਪਾਲ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਗੁਰਮੀਤ ਸਿਘ ਤੇ ਰਾਜੀਵ ਕੁਮਾਰ, ਇਨਕਲਾਬੀ ਕੇਂਦਰ ਪੰਜਾਬ ਦੇ ਅਮਰਜੀਤ ਕੌਰ ਤੇ ਸੁਖਵਿੰਦਰ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਮਲਕੀਤ ਸਿੰਘ ਬਰਨਾਲਾ, ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੇ ਰਮੇਸ਼ ਕੁਮਾਰ ਹਮਦਰਦ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜੁਗਰਾਜ ਰਾਮਾ, ਏਟਕ ਦੇ ਖੁਸ਼ੀਆ ਸਿੰਘ ਅਤੇ ਲੋਕ ਇਨਸਾਫ਼ ਪਾਰਟੀ ਦੇ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਵਾਂ ਨੇ ਐਜੂਕੇਸ਼ਨਲ ਟ੍ਰਿਬਿਊਨਲ ਵਿੱਚ ਪੂਰਾ ਸਕੇਲ ਹਾਸਲ ਕਰਨ ਲਈ ਅਦਾਲਤੀ ਕੇਸ ਕੀਤਾ ਹੋਇਆ ਹੈ। ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਇਸੇ ਖਿਝ ਕਾਰਨ ਅਧਿਆਪਕਾਵਾਂ ਨੂੰ ਮਾਨਸਿਕ ਪ੍ਰਸ਼ਾਨ ਕਰ ਰਹੇ ਹਨ ਤਾਂ ਜੋ ਇਨ੍ਹਾਂ ਨੂੰ ਡਰਾ ਧਮਕਾ ਕੇ ਸਕੂਲ ਵਿੱਚੋਂ ਕੱਢਿਆ ਜਾ ਸਕੇ। ਇਸ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪ ਖਿਲਾਫ਼ ਅਤੇ ਅਧਿਆਪਕਾਵਾਂ ਦੇ ਸੰਘਰਸ਼ ਵਿੱਚ ਪੂਰਨ ਸਾਥ ਦੇਣਾ ਚਾਹੀਦਾ ਹੈ। ਸਕੂਲ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਅਧਿਆਪਕਾਵਾਂ ਦੀਆਂ ਮੰਗਾਂ ਜਲਦ ਪ੍ਰਵਾਨ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਸੰਘਰਸ਼ ਦੀ ਵਿਆਪਕ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਜਨਤਕ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂ ਮੰਗ ਪੱਤਰ ਵੀ ਸੌਂਪਿਆ।
ਜਬਰ ਜਨਾਹ ਮਾਮਲਾ: ਜਨਤਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜਬਰ ਜਨਾਹ ਮੁਲਜ਼ਮ ਮੁਅੱਤਲ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਮਲਾ ਭਖ਼ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਜਬਰ ਜਨਾਹ ਪੀੜਤ ਸਰਕਾਰੀ ਮੁਲਾਜ਼ਮ ਨੂੰ ਇਨਸਾਫ਼ ਦਿਵਾਉਣ ਲਈ ਮੀਟਿੰਗ ਕਰਕੇ 11 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਮੌਕੇ ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਜਥੇਬੰਦੀ ਨਾਲ ਇਨਸਾਫ਼ ਲਈ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਕੇਯੂ ਆਗੂ ਹਰਬੰਸ ਸਿੰਘ ਮੋਦਾ ਦੀ ਅਗਵਾਈ ਹੇਠ 11 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵਰੁਣ ਜੋਸ਼ੀ ਉਰਫ਼ ਪੱਪੂ ਹਿੰਮਤਪੁਰਾ ਦੀ ਗ੍ਰਿਫ਼ਤਾਰੀ ਅਤੇ ਕਾਨੂੰਨ ਮੁਤਾਬਕ ਕੇਸ ਦੀਆਂ ਧਾਰਾਵਾਂ ’ਚ ਵਾਧਾ ਕਰਨ ਲਈ ਐੱਸਐੱਸਪੀ ਨੂੰ ਵਫ਼ਦ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪੀੜਤ ਨੂੰ ਇਨਸਾਫ਼ ਨਾਂ ਦਿੱਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਕਮੇਟੀ ਨੇ ਹੋਰਨਾਂ ਇਨਸਾਫ਼ਪਸੰਦ ਲੋਕਾਂ ਤੇ ਜਨਤਕ ਜਥੇਬੰਦੀਆਂ ਨੂੰ ਕਮੇਟੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ।