ਨਵੀਂ ਦਿੱਲੀ, 4 ਜੁਲਾਈ
ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਦੋਸ਼ ਲਗਾਇਆ ਹੈ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਕਰੋਨਾਵਾਇਰਸ ਦਾ ਟੀਕਾ ਬਣਾਉਣ ਵਿੱਚ ਤੇਜ਼ੀ ਇਸ ਲਈ ਦਿਖਾ ਰਹੀ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜ਼ਾਦੀ ਦਿਵਸ ਮੌਕੇ ਇਸ ਦਾ ਐਲਾਨ ਕਰ ਸਕਣ ਤੇ ਆਪਣੀ ਪਿੱਠ ਥਾਪੜ ਸਕਣ। ਉਨ੍ਹਾਂ ਕਿਹਾ ਕਿ ਟੀਕੇ ਦੀ ਖੋਜ ਕਾਹਲੀ ਵਿੱਚ ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੀ ਜਾ ਰਹੀ ਹੈ। ਆਈਸੀਐੱਮਆਰ ਨੇ ਚੁਣੇ ਗਏ ਮੈਡੀਕਲ ਅਦਾਰਿਆਂ ਅਤੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਕੋਵਿਡ -19 ਦੇਸੀ ਟੀਕਾਕਰਣ ਨੂੰ 15 ਅਗਸਤ ਤੱਕ ਮੈਡੀਕਲ ਵਰਤੋਂ ਲਈ ਉਪਲਬੱਧ ਕਰਾਉਣ ਦੇ ਮੰਤਵ ਨਾਲ ਭਾਰਤ ਬਾਇਓਟੈੱਕ ਦੇ ਸਹਿਯੋਗ ਨਾਲ ਵਿਕਸਤ ਕੀਤੇ ਜਾ ਰਹੇ ਸੰਭਾਵੀ ਟੀਕੇ ‘ਕੋਵੈਕਸਿਨ’ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤੀ ਜਾਵੇ। ਉਨ੍ਹਾਂ ਟਵੀਟ ਕੀਤਾ, “ਪਰ … ਵਿਗਿਆਨਕ ਖੋਜ ਨਿਯਮਾਂ ਅਨੁਸਾਰ ਐਨੀ ਛੇਤੀ ਟੀਕਾ ਤਿਆਰ ਨਹੀਂ ਹੋ ਸਕਦਾ। ਸਿਹਤ ਅਤੇ ਸੁਰੱਖਿਆ ਨਿਯਮਾਂ ਨੂੰ ਤਿਲਾਂਜਲੀ ਦੇ ਕੇ ਕੋਵਿਡ -19 ਦੇ ਇਲਾਜ ਲਈ ਦੇਸੀ ਟੀਕਾ ਵਿਕਸਤ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਪ੍ਰਧਾਨ ਮੰਤਰੀ ਮੋਦੀ ਆਜ਼ਾਦੀ ਦਿਵਸ’ ਤੇ ਇਸ ਦਾ ਐਲਾਨ ਕਰ ਸਕਣ। ਇਸ ਕਾਰਨ ਮਨੁੱਖੀ ਜੀਵਨ ਨੂੰ ਭਾਰੀ ਕੀਮਤ ਤਾਰਨੀ ਪੈ ਸਕਦੀ ਹੈ। ਯੇਚੁਰੀ ਨੇ ਆਈਸੀਐੱਮਆਰ ‘ਤੇ ਦੋਸ਼ ਲਗਾਇਆ ਕਿ ਉਹ ਸੰਸਥਾਵਾਂ ਨੂੰ ਆਪਣਾ ਕੰਮ ਕਰਵਾਉਣ ਲਈ ਧਮਕੀਆਂ ਦੇ ਰਹੀ ਹੈ। ਟੈਸਟਾਂ ਬਾਰੇ ਕਈ ਪ੍ਰਸ਼ਨ ਪੁੱਛਦੇ ਹੋਏ ਯੇਚੁਰੀ ਨੇ ਕਿਹਾ, “ਇਸ ਟੈਸਟ ਵਿੱਚ ਕਿੰਨੇ ਲੋਕਾਂ ਦਾ ਅਧਿਐਨ ਕੀਤਾ ਜਾਵੇਗਾ?” ਕੀ ਪਹਿਲੇ, ਦੂਜੇ ਅਤੇ ਤੀਜੇ ਪੜਾਅ ਦੇ ਟੈਸਟ 14 ਅਗਸਤ ਤੱਕ ਪੂਰੇ ਹੋਣਗੇ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਪੂਰਾ ਹੋ ਜਾਵੇਗਾ। ਆਜ਼ਾਦ ਡੇਟਾ ਸੁਰੱਖਿਆ ਨਿਗਰਾਨੀ ਕਮੇਟੀ ਦੇ ਮੈਂਬਰ ਕੌਣ ਹਨ। ਇਨ੍ਹਾਂ ਸਵਾਲਾਂ ਦੇ ਜੁਆਬ ਜ਼ਰੂਰੀ ਹਨ।”