ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 26 ਜੁਲਾਈ
ਬਲਾਕ ਕਾਹਨੂੰਵਾਨ ਅਧੀਨ ਪੈਂਦੇ ਸ਼ਾਹ ਰੈਸਟੋਰੈਂਟ ’ਚ ਅੱਜ ਆਤਮਾ ਕਿਸਾਨ ਹੱਟ ਦਾ ਉਦਘਾਟਨ ਮੁੱਖ ਖੇਤੀ ਅਫ਼ਸਰ ਡਾ. ਰਮਿੰਦਰ ਸਿੰਘ ਸੰਧੂ ਵੱਲੋਂ ਕੀਤਾ ਗਿਆ। ਡਾ. ਸੰਧੂ ਨੇ ਦੱਸਿਆ ਕਿ ਇਸ ’ਚ ਕੇਵਲ ਬਲਾਕ ਕਾਹਨੂੰਵਾਨ ਦੇ ਅਗਾਂਹਵਧੂ ਕਿਸਾਨਾਂ ਦੇ ਸੈੱਲਫ਼ ਹੈਲਪ ਗਰੁੱਪ ਵਿੱਚ ਸ਼ਾਮਲ ਕਿਸਾਨਾਂ ਵੱਲੋਂ ਖ਼ੁਦ ਹੀ ਤਿਆਰ ਕੀਤਾ ਸਾਮਾਨ ਵੇਚਿਆ ਜਾਵੇਗਾ। ਇਸ ਸੈੱਲਫ਼ ਹੈਲਪ ਗਰੁੱਪ ਵਿੱਚ ਬਲਾਕ ਦੇ 10 ਅਗਾਂਹਵਧੂ ਕਿਸਾਨ ਮੈਂਬਰ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਹੱਟ ’ਤੇ ਖ਼ਰੀਦ ਅਤੇ ਵੇਚ ਦਾ ਕੰਮ ਕਰਦੇ ਸਮੇਂ ਸਾਮਾਨ ਦੀ ਸ਼ੁੱਧਤਾ ਅਤੇ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਤਰ੍ਹਾਂ ਕਿਸਾਨਾਂ ਦੇ ਸਮਾਨ ਦਾ ਸਿੱਧਾ ਮੰਡੀਕਰਨ ਕਰਕੇ ਉਨ੍ਹਾਂ ਨੂੰ ਚੋਖਾ ਲਾਭ ਪ੍ਰਾਪਤ ਹੋਵੇਗਾ। ਇਸ ਮੌਕੇ ਮੰਡੀਕਰਨ ਮਾਹਿਰ ਡਾ. ਸਹਬਿਾਜ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਖ਼ੁਦ ਮੰਡੀਕਰਨ ਲਈ ਆਪ ਅੱਗੇ ਆਉਣਾ ਪਏਗਾ ਅਤੇ ਆਪਣੀ ਸੋਚ ਨੂੰ ਵਪਾਰਕ ਪੱਧਰ ’ਤੇ ਬਦਲਣਾ ਪਾਏਗਾ।