ਬਹਾਦਰਜੀਤ ਸਿੰਘ
ਰੂਪਨਗਰ, 10 ਜੂਨ
‘ਆਪ’ ਦੀ ਰੂਪਨਗਰ ਇਕਾਈ ਵਿੱਚ ਉਸ ਸਮੇਂ ਫੁੱਟ ਉਭਰ ਕੇ ਸਾਹਮਣੇ ਆਈ ਜਦੋਂ ਪਾਰਟੀ ਦੇ ਇੱਕ ਧੜੇ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਪਾਰਟੀ ਦੇ ਰੂਪਨਗਰ ਜ਼ਿਲ੍ਹੇ ਦੇ ਆਬਜ਼ਰਵਰ ਸਤਵੀਰ ਸਿੰਘ ਵਾਲੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਅੱਜ ਦੀ ਮੀਟਿੰਗ ਵਿੱਚ ਸਤਵੀਰ ਵਾਲੀਆ ਸਮੇਤ ਜੈਤੋਂ ਹਲਕੇ ਦੇ ਵਿਧਾਇਕ ਬਲਦੇਵ ਸਿੰਘ ਵੀ ਸ਼ਾਮਲ ਹੋਣ ਲਈ ਪੁੱਜੇ ਸਨ। ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸਣੇ ਹੋਰ ਆਗੂ ਤੇ ਵਰਕਰ ਮੀਟਿੰਗ ਦੌਰਾਨ ਵਾਕਆਊਟ ਕਰ ਗਏ ਤੇ ਸਤਵੀਰ ਵਾਲੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਾਲੀਆ ਨੂੰ ਹਟਾਊਣ ਦੀ ਮੰਗ ਕੀਤੀ। ਜਵਾਬ ਵਿੱਚ ਅੰਦਰ ਮੌਜੂਦ ਆਗੂਆਂ ਨੇ ਵੀ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਦੋਸ ਲਾਇਆ ਕਿ ਵਾਲੀਆ ਨੇ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤੀ ਸੀ, ਜਿਸ ਦੀ ਵੀਡੀਓ ਯੂ-ਟਿਊਬ ’ਤੇੇ ਪਈ ਹੋਈ ਸੀ। ਇਹ ਵੀਡੀਓ ਪਰਮਿੰਦਰ ਸਿੰਘ ਸ਼ਾਮਪੁਰੀ ਨੇ ਕੁੱਝ ਆਗੂਆਂ ਨੂੰ ਭੇਜੀ ਸੀ, ਜਿਸ ਮਗਰੋਂ ਵਾਲੀਆਂ ਨੇ ਸ਼ਾਮਪੁਰੀ ਨੂੰ ਪਾਰਟੀ ’ਚੋਂ ਕੱਢਵਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਮੀਟਿੰਗ ਵਿੱਚ ਸਤਵੀਰ ਵਾਲੀਆ ਕੋਲੋਂ ਬਿਆਨ ਬਾਰੇ ਪੁੱਛਿਆ ਗਿਆ ਤਾਂ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਸਤਵੀਰ ਵਾਲੀਆ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਉਹ ਪੱਤਰਕਾਰ ਸੰਮੇਲਨ ਕਰਕੇ ਸਾਰੀਆਂ ਗੱਲਾਂ ਦਾ ਜਵਾਬ ਦੇਣਗੇ, ਜਦਕਿ ਬਲਦੇਵ ਸਿੰਘ ਪੱਤਰਕਾਰਾਂ ਨਾਲ ਬਿਨਾ ਕੋਈ ਗੱਲ ਕੀਤੀਆਂ ਚਲੇ ਗਏ।