ਲਖਨਊ, 4 ਜੁਲਾਈ
ਕਾਨਪੁਰ ਦੇ ਚੌਬੇਪੁਰ ਵਿਚ ਵੀਰਵਾਰ ਦੇਰ ਰਾਤ ਪੁਲਿਸ ਟੀਮ ਉੱਤੇ ਹਮਲਾ ਕਰਕੇ ਅੱਠ ਪੁਲੀਸ ਮੁਲਾਜ਼ਮਾਂ ਨੂੰ ਮਾਰਨ ਵਾਲੇ ਬਦਮਾਸ਼ ਵਿਕਾਸ ਦੁਬੇ ਨੂੰ ਫੜਨ ਲਈ ਪੁਲੀਸ ਦੀਆਂ 25 ਤੋਂ ਵੱਧ ਟੀਮਾਂ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿਚ ਲਗਾਤਾਰ ਛਾਪੇ ਮਾਰ ਰਹੀਆਂ ਹਨ। ਉਧਰ ਪ੍ਰਸ਼ਾਸਨ ਨੇ ਦੁਬੇ ਦਾ ਘਰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਹੈ। ਸੂਤਰਾਂ ਅਨੁਸਾਰ ਕੁਝ ਪੁਲੀਸ ਕਰਮਚਾਰੀਆਂ ਤੋਂ ਪੁੱਛ-ਪੜਤਾਲ ਗਿੱਛ ਕੀਤੀ ਜਾ ਰਹੀ ਹੈ ਕਿ ਦੁਬੇ ਨੂੰ ਪਹਿਲਾਂ ਹੀ ਪੁਲੀਸ ਕਾਰਵਾਈ ਦੀ ਭਿਣਕ ਕਿਵੇਂ ਲੱਗੀ।
ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ, “ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਪੁਲੀਸ ਦੀਆਂ 25 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਕੁਝ ਹੋਰ ਰਾਜਾਂ ਵਿੱਚ ਛਾਪੇ ਮਾਰ ਰਹੀਆਂ ਹਨ।” ਸੂਤਰਾਂ ਨੇ ਦੱਸਿਆ ਕਿ ਨਿਗਰਾਨੀ ਟੀਮ 500 ਮੋਬਾਈਲ ਫੋਨਾਂ ਦੀ ਜਾਂਚ ਕਰ ਰਹੀ ਹੈ।ਯੂਪੀ ਐੱਸਟੀਐੱਫ ਦੀਆਂ ਟੀਮਾਂ ਵੀ ਉਸ ਦੀ ਭਾਲ ਵਿੱਚ ਹਨ। ਆਈਜੀ ਨੇ ਵਿਕਾਸ ਦੂਬੇ ਬਾਰੇ ਸਹੀ ਜਾਣਕਾਰੀ ਦੇਣ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ ਅਤੇ ਕਿਹਾ ਹੈ ਕਿ ਮੁਖ਼ਬਰ ਦੀ ਪਛਾਣ ਗੁਪਤ ਰੱਖੀ ਜਾਵੇਗੀ।