ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 15 ਜੁਲਾਈ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਵਿਡ-19 ਦਾ ਸ਼ਿਕਾਰ ਹੋਣ ਤੋਂ ਬਾਅਦ ਫ਼ਤਹਿਗੜ੍ਹ ਚੂੜੀਆਂ ਵਿੱਚ ਦੋ ਦਿਨ ਪਹਿਲਾਂ ਹੋਏ ਸਮਾਗਮ ’ਚ ਇਕੱਠੇ ਹੋਏ ਸਿਹਤ ਮੁਲਾਜ਼ਮਾਂ, ਵੱਖ ਵੱਖ ਅਧਿਕਾਰੀਆਂ, ਪੁਲੀਸ ਮੁਲਾਜ਼ਮਾਂ, ਕਾਂਗਰਸੀ ਆਗੂਆਂ, ਪੱਤਰਕਾਰਾਂ ਤੇ ਹੋਰ ਅਧਿਕਾਰੀਆਂ ਵਿੱਚ ਸਹਿਮ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਨੇ ਮੰਤਰੀ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਟੈਸਟ ਲੈਣੇ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਥੇ ਦੋ ਦਿਨ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮਿਲ ਕੇ ਕਾਂਗਰਸੀ ਵਰਕਰਾਂ, ਡਾਕਟਰਾਂ, ਸਿਹਤ ਕਰਮੀਆਂ, ਪੱਤਰਕਾਰਾਂ ਅਤੇ ਵੱਖ ਵੱਖ ਅਧਿਕਾਰੀਆਂ ਦੇ ਇਕੱਠ ਵਿੱਚ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਕਾਫੀ ਲੋਕ ਇਕੱਠੇ ਹੋਏ ਸਨ ਅਤੇ ਸਮਾਜਿਕ ਦੂਰੀ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਸੀ।
ਜਦੋਂ ਤ੍ਰਿਪਤ ਬਾਜਵਾ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਮਿਲੀ ਤਾਂ ਸਮਾਗਮ ਵਿੱਚ ਇਕੱਠੇ ਹੋਏ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਇਸ ਮਗਰੋਂ ਸਿਹਤ ਵਿਭਾਗ ਦੀ ਟੀਮ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਟੈਸਟ ਲੈਣੇ ਸ਼ੁਰੂ ਕਰ ਦਿੱਤੇ ਹਨ।
ਸਿਹਤ ਵਿਭਾਗ ਦੀ ਟੀਮ ਕੈਬਨਿਟ ਮੰਤਰੀ ਬਾਜਵਾ ਦੇ ਘਰ ਪਹੁੰਚੀ
ਕਾਦੀਆਂ (ਮਕਬੂਲ ਅਹਿਮਦ): ਸਿਹਤ ਵਿਭਾਗ ਦੀ ਟੀਮ ਨੇ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਿਵਲ ਲਾਈਨ ਕਾਦੀਆਂ ਸਥਿਤ ਕੋਠੀ ’ਚ ਰਹਿਣ ਵਾਲੇ ਪੀਏ ਤੇ ਰਸੋਈਏ ਸਮੇਤ ਹੋਰਨਾਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਬਾਜਵਾ ਨੇ ਪਰਿਵਾਰ ਨੂੰ ਪਹਿਲਾਂ ਹੀ ਚੰਡੀਗੜ੍ਹ ’ਚ ਇਕਾਂਤਵਾਸ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੁਰੱਖਿਆ ਕਰਮੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਪੰਜ ਦਿਨਾਂ ਬਾਅਦ ਇਨ੍ਹਾਂ ਦਾ ਸੈਂਪਲ ਲਿਆ ਜਾਵੇਗਾ। ਕਾਦੀਆਂ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਵਿਅਕਤੀ ਕਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਏ ਹੋਣ, ਉਹ ਇਸ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਦੇਣ।