ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਜੂਨ
ਇੱਥੋਂ ਨਜ਼ਦੀਕੀ ਪਿੰਡ ਸਿਆਊ ਦੇ ਨੌਜਵਾਨ ਜਗਦੀਪ ਸਿੰਘ (22) ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਾਂਗਰਸੀ ਆਗੂ ਤੇ ਬਲਾਕ ਸਮਿਤੀ ਦੇ ਮੈਂਬਰ ਗੁਰਦੀਪ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਉਰਫ਼ ਦਮਨੀ ਵਾਸੀ ਪਿੰਡ ਮਨੌਲੀ ਨੂੰ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਦਮਨੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਲੁਧਿਆਣਾ ਭੇਜ ਦਿੱਤਾ ਹੈ।
ਪੀੜਤ ਪਰਿਵਾਰ ਦੇ ਵਕੀਲ ਗੁਰਬੀਰ ਸਿੰਘ ਅੰਟਾਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਮੁਲਜ਼ਮ ਦਮਨੀ ਦੇ ਪਿਤਾ ਕਾਂਗਰਸੀ ਆਗੂ ਗੁਰਦੀਪ ਸਿੰਘ ਮਨੌਲੀ ਨੂੰ ਵੀ ਨਾਮਜ਼ਦ ਕੀਤਾ ਜਾਵੇ ਕਿਉਂਕਿ ਪੀੜਤ ਨੌਜਵਾਨ ’ਤੇ ਜਿਸ ਹਥਿਆਰ ਨਾਲ ਗੋਲੀਆਂ ਚਲਾਈਆਂ ਗਈਆਂ ਹਨ, ਉਹ ਕਾਂਗਰਸੀ ਆਗੂ ਦੇ ਨਾਂ ’ਤੇ ਰਜਿਸਟਰਡ ਹੈ। ਇਸ ਦੇ ਜਵਾਬ ਵਿੱਚ ਜਾਂਚ ਅਧਿਕਾਰੀ ਨੇ ਕਿਹਾ ਕਿ ਜੇ ਜਾਂਚ ਵਿੱਚ ਕਾਂਗਰਸੀ ਆਗੂ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਤਾਂ ਉਸ ਨੂੰ ਨਾਮਜ਼ਦ ਕਰਨ ਲਈ ਡੀਏ ਲੀਗਲ ਦੀ ਰਾਇ ਲਈ ਜਾਵੇਗੀ।
ਪਿੰਡ ਸਿਆਊ ਦੇ ਨੰਬਰਦਾਰ ਮੋਹਨ ਸਿੰਘ ਨੇ ਉਸ ਦੇ ਜ਼ਖ਼ਮੀ ਪੁੱਤਰ ਜਗਦੀਪ ਸਿੰਘ ’ਤੇ ਮੁਲਜ਼ਮ ਨੌਜਵਾਨ ਦਮਨੀ ਦੀ ਮੰਗੇਤਰ ਨੂੰ ਗਲਤ ਮੈਸੇਜ ਭੇਜਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੌਜਵਾਨ ਕਾਨੂੰਨੀ ਕਾਰਵਾਈ ਤੋਂ ਬਚਣ ਅਤੇ ਉਨ੍ਹਾਂ ’ਤੇ ਸਮਝੌਤੇ ਲਈ ਦਬਾਅ ਪਾਉਣ ਲਈ ਉਸ ਦੇ ਬੇਟੇ ’ਤੇ ਝੂਠੇ ਦੋਸ਼ ਲਗਾ ਰਿਹਾ ਹੈ।