ਕੰਵਲਜੀਤ ਢਿੱਲੋਂ
ਸਾਲ 1903-04 ਵਿਚ ਪੰਜਾਬੀਆਂ ਵਿਸ਼ੇਸ਼ ਤੌਰ ’ਤੇ ਸਿੱਖਾਂ ਦੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਪਹੁੰਚਣ ਦੀ ਪੁਸ਼ਟੀ ਹੁੰਦੀ ਹੈ। 1906 ਵਿਚ ਭਾਈ ਅਰਜਨ ਸਿੰਘ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਪਹੁੰਚਦੇ ਹਨ। 22 ਜੁਲਾਈ 1906 ਨੂੰ ਮਕਾਨ ਕਿਰਾਏ ’ਤੇ ਲੈ ਕੇ ਗੁਰਦੁਆਰਾ ਸਾਹਿਬ ਉਪਰਲੀ ਮੰਜ਼ਿਲ ਉੱਪਰ ਸਥਾਪਿਤ ਕੀਤਾ ਜਾਂਦਾ ਹੈ ਅਤੇ ਪੂਰਨ ਤੌਰ ’ਤੇ ਗੁਰ-ਮਰਿਯਾਦਾ ਸ਼ੁਰੂ ਹੁੰਦੀ ਹੈ। ਹਿੰਦੋਸਤਾਨ ਵਿਚੋਂ ਕਿਸੇ ਹੋਰ ਭਾਈਚਾਰੇ ਦੇ ਕੈਨੇਡਾ ਪਹੁੰਚਣ ਦਾ ਕੋਈ ਹਵਾਲਾ ਇਸ ਤੋਂ ਪਹਿਲਾਂ ਸਰਕਾਰੀ ਤੌਰ ’ਤੇ ਨਹੀਂ ਮਿਲਦਾ। ਉੱਤਰੀ ਅਮਰੀਕਾ ਦੇ ਸਾਂ ਫਰਾਂਸਿਸਕੋ ਤੱਟ ਉੱਪਰ 1898 ਵਿਚ ਪੰਜਾਬ ਦੇ ਪਿੰਡ ਸੁਰ ਸਿੰਘ ਤੋਂ ਪਲੇਠਾ ਪਹੁੰਚਣ ਵਾਲਾ ਭਾਈ ਬਖਸ਼ੀਸ਼ ਸਿੰਘ ਢਿੱਲੋਂ ਸੀ, ਜੋ ਆਸਟਰੇਲੀਆ ਵਿਖੇ ਆਪਣਾ ਰੈਣ-ਬਸੇਰਾ ਬਣਾਉਂਦਾ ਹੈ। ਊਸਦੀ ਪਤਨੀ ਬਹੁਤ ਦੇਰ ਬਾਅਦ ਪਹੁੰਚਦੀ ਹੈ। ਪੰਜਾਬੀਆਂ, ਸਿੱਖਾਂ, ਹਿੰਦੋਸਤਾਨੀਆਂ ਅਤੇ ਦੱਖਣੀ ਏਸ਼ੀਆ ਦੇ ਮੁਲਕਾਂ ਵਿਚੋਂ ਉੱਤਰੀ ਅਮਰੀਕਾ ਅਤੇ ਕੈਨੇਡਾ ਆ ਕੇ ਵਸਣ ਦਾ ਇਤਿਹਾਸ ਤਾਂ ਥੋੜ੍ਹਾ-ਬਹੁਤ ਸਾਂਭਿਆ ਗਿਆ ਹੈ, ਪਰ ਪਰਿਵਾਰਾਂ ਦੇ ਤੌਰ ’ਤੇ ਔਰਤਾਂ ਦੇ ਕੈਨੇਡਾ ਅਤੇ ਸਮੁੱਚੇ ਉੱਤਰੀ ਅਮਰੀਕਾ ਵਿਚ ਆ ਕੇ ਵਸਣ ਦੀ ਕਹਾਣੀ ਸਿਲਸਿਲੇਵਾਰ ਕਿਤੇ ਦਰਜ ਨਹੀਂ ਹੋਈ ਮਿਲਦੀ। ਮੈਂ ਵੱਖਰੇ-ਵੱਖਰੇ ਖਿੰਡੇ ਹੋਏ ਸਰੋਤਾਂ ਤੋਂ ਔਰਤਾਂ ਬਾਰੇ ਕੈਨੇਡਾ ਪਰਵਾਸ ਦੀ ਕਹਾਣੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਅਜੇ ਹੋਰ ਬਹੁਤ ਗੰਭੀਰ ਖੋਜ ਦੀ ਮੰਗ ਕਰਦੀ ਹੈ।
ਕੈਨੇਡਾ ਵਿਚ ਪੰਜਾਬੀ ਔਰਤਾਂ ਦੇ ਪਰਵਾਸ ਦਾ ਇਤਿਹਾਸ ਸ੍ਰੀਮਤੀ ਬਿਸ਼ਨ ਕੌਰ ਦੇ 1908 ਵਿਚ ਵੈਨਕੂਵਰ ਪਹੁੰਚਣ ਨਾਲ ਬੱਝਦਾ ਹੈ। ਉਹ ਥੋੜ੍ਹੇ ਸਮੇਂ ਦੇ ਅਰਸੇ ਲਈ ਨਿਊ ਯਾਰਕ ਤੋਂ ਅਕੂਤਬਰ ਮਹੀਨੇ ਆਪਣੇੇ ਦੋ ਬੱਚਿਆਂ ਹਰੀ ਸਿੰਘ ਅਤੇ ਮੁਕੰਦ ਸਿੰਘ ਨਾਲ ਆਪਣੇ ਪਤੀ ਪ੍ਰੋ. ਤੇਜਾ ਸਿੰਘ (ਬਾਅਦ ਵਿਚ ਸੰਤ ਤੇਜਾ ਸਿੰਘ) ਨੂੰ ਮਿਲਣ ਜਾਂਦੀ ਹੈ। ਉਨ੍ਹਾਂ ਦਿਨਾਂ ’ਚ ਊਸ ਨੇ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਦੇ ਕਾਲਜ ਵਿਚ ਗਰਮੀਆਂ ਵਿਚ ਚੱਲਣ ਵਾਲੇ ਕੋਰਸ ਸਮਰ ਸਕੂਲ ਵਿਚ ਦਾਖਲਾ ਲਿਆ ਸੀ। ਪ੍ਰੋ. ਤੇਜਾ ਸਿੰਘ ਵੱਲੋਂ ਸੰਤ ਅਤਰ ਸਿੰਘ ਮਸਤੂਆਣਾ, ਜਿਨ੍ਹਾਂ ਨੇ 1914 ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਸੀ, ਦੀ ਲਿਖੀ ਜੀਵਨੀ ਵਿਚ ਬਿਸ਼ਨ ਕੌਰ ਦੇ ਬੜੇ ਨਾਟਕੀ ਢੰਗ ਨਾਲ ਸੁਮਾਸ ਜੰਕਸ਼ਨ ਦੇ ਰੇਲਵੇ ਸਟੇਸ਼ਨ ਤੋਂ ਆਪਣੇ ਦੋ ਬੱਚਿਆਂ ਸਮੇਤ ਯਾਤਰੀ ਗੱਡੀ ਵਿਚੋਂ ਉਤਰਨ ਅਤੇ ਫਿਰ ਦੁਬਾਰਾ ਦੁਹਰੀ ਟਿਕਟ ਲੈ ਕੇ ਦੂਜੀ ਗੱਡੀ ਚੜ੍ਹਨ ਵਿਚ ਕਾਬਯਾਬ ਹੁੰਦੀ ਹੈ। ਨਿਊ ਯਾਰਕ ਤੋਂ ਪੈਸੇਫਿਕ ਰੇਲਵੇ ਸੁਮਾਸ ਤਕ ਪਹੁੰਚਦੀ ਹੈ, ਉੱਥੇ ਉਹ ਪੁਲੀਸ ਨੂੰ ਝਕਾਨੀ ਦੇ ਕੇ ਨਾਲ ਖੜ੍ਹੀ ਵੈਨਕੂਵਰ ਪਹੁੰਚਣ ਵਾਲੀ ਰੇਲ ਗੱਡੀ ਵਿਚ ਬੈਠ ਜਾਂਦੀ ਹੈ। ਅੰਤ ਆਪਣੇ ਪਤੀ ਪ੍ਰੋ. ਤੇਜਾ ਸਿੰਘ ਨੂੰ ਆ ਮਿਲਦੀ ਹੈ ਜੋ ਪਹਿਲਾਂ ਹੀ ਭਾਈ ਭਾਗ ਸਿੰਘ ਅਤੇ ਬਲਵੰਤ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਸੱਦੇ ’ਤੇ ਵੈਨਕੂਵਰ ਵਿਖੇ ਰਹਿ ਰਿਹਾ ਸੀ।
1906 ਤੋਂ 1908 ਤਕ ਪ੍ਰੋ. ਤੇਜਾ ਸਿੰਘ ਨੇ ਲੰਡਨ ਵਿਖੇ ਪੜ੍ਹਾਈ ਕੀਤੀ। ਉਸ ਤੋਂ ਪਹਿਲਾਂ ਲਾਹੌਰ ਪੜ੍ਹੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਾਇਆ ਵੀ। ਲੰਡਨ ਵੀ ਬਿਸ਼ਨ ਕੌਰ, ਪ੍ਰੋ. ਤੇਜਾ ਸਿੰਘ ਨਾਲ ਹੀ ਜਾਂਦੀ ਹੈ। ਬਿਸ਼ਨ ਕੌਰ ਸੰਤ ਅਤਰ ਸਿੰਘ ਨੂੰ ਆਪਣੇ ਪਤੀ ਨਾਲ ਲੰਡਨ ਜਾਣ ਲਈ ਦਰਦ ਭਰੀ ਬੇਨਤੀ ਕਰਦੀ ਹੈ, ਜਿਸ ਨੂੰ ਸੰਤ ਜੀ ਸਵੀਕਾਰ ਕਰਕੇ ਪਤੀ ਨਾਲ ਜਾਣ ਦੀ ਆਗਿਆ ਦੇ ਦਿੰਦੇ ਹਨ। ਪ੍ਰੋ. ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿਚ ਮੁਹਾਰਤ ਅਤੇ ਅੰਗਰੇਜ਼ੀ ਦਾ ਚੰਗਾ ਬੁਲਾਰਾ ਹੋਣ ਕਰਕੇ ਸਿੱਖੀ ਦੇ ਪ੍ਰਚਾਰ ਲਈ ਬਹੁਤ ਗੋਰੇ ਊਸ ਵੱਲੋਂ ਅਮਰੀਕਾ ਅਤੇ ਕੈਨੇਡਾ ਵਿਚ ਚਲਾਈ ਜਾ ਰਹੀ ਲੈਕਚਰ ਲੜੀ ਵਿਚ ਸ਼ਾਮਲ ਹੁੰਦੇ ਹਨ। ਪ੍ਰੋ. ਤੇਜਾ ਸਿੰਘ ਦੀ ਅੰਗਰੇਜ਼ੀ ਬੋਲੀ ਵਿਚ ਮੁਹਾਰਤ ਕਰਕੇ ਹੀ ਵੈਨਕੂਵਰ ਦੀ ਸਿੱਖ ਕਮਿਉੂਨਿਟੀ ਨੂੰ ਸਰਕਾਰੀ ਅਫ਼ਸਰਾਂ ਨਾਲ ਗੁਰਦੁਆਰਾ ਰਜਿਸਟਰ ਕਰਾਉਣ ਬਾਰੇ ਮਦਦ ਮਿਲੀ। ਪ੍ਰੋ. ਤੇਜਾ ਸਿੰਘ ਨੇ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਲਿਖਿਆ ਅਤੇ ਰਜਿਸਟਰ ਕਰਵਾਇਆ। ਕੈਨੇਡਾ ਦੇ ਇਤਿਹਾਸ ਵਿਚ ਭਾਈਚਾਰੇ ਦੇ ਤੌਰ ’ਤੇ ਸਿੱਖਾਂ ਦੀ ਪਹਿਲੀ ਸਾਂਝ ਤੇ ਸੰਗਠਨ ਦੀ ਸ਼ੁਰੂਆਤ ਸੀ, ਜੋ ਨਾ ਕੇਵਲ ਭਾਰਤੀਆਂ ਲਈ ਸਗੋਂ ਸਮੁੱਚੇ ਦੱਖਣੀ ਏਸ਼ੀਆਈਆਂ ਲਈ ਗੁਰਦੁਆਰਾ ਸੰਪਰਕ ਸਥਾਨ ਦਾ ਕੰਮ ਵੀ ਕਰਦਾ ਸੀ। ਐਤਵਾਰ ਦੇ ਦਿਨ ਭਾਈਚਾਰਾ ਵੱਡੀ ਗਿਣਤੀ ਵਿਚ ਜੁੜ ਬੈਠਦਾ ਸੀ।
ਏਸ਼ੀਅਨਾਂ ਦੇ ਵੱਡੀ ਗਿਣਤੀ ਵਿਚ ਉੱਤਰੀ ਅਮਰੀਕਾ ਪਹੁੰਚਣ ਕਰਕੇ ਦਿਨੋਂ-ਦਿਨ ਗੋਰਿਆਂ ਦੇ ਨਸਲਵਾਦੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਸਲਵਾਦੀ ਗੋਰਿਆਂ ਨੇ ਏਸ਼ੀਅਨਾਂ ਨੂੰ ਉੱਤਰੀ ਅਮਰੀਕਾ ਵਿਚੋਂ ਬਾਹਰ ਕੱਢਣ ਵਾਲਾ ਸੰਗਠਨ ਕਾਇਮ ਕਰ ਲਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ 4 ਸਤੰਬਰ 1907 ਨੂੰ ਬੈਲਿੰਗਹੈਮ ਸ਼ਹਿਰ ਵਿਚ ਨਸਲੀਵਾਦੀ ਗੋਰਿਆਂ ਨੇ ਏਸ਼ੀਅਨ ਨੂੰ ਕੁੱਟਿਆ-ਮਾਰਿਆ, ਘਰਾਂ ਨੂੰ ਅੱਗ ਲਾ ਦਿੱਤੀ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸਿੱਖ ਸਨ। ਉਹ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਗਏ, ਜਿੱਥੇ ਸਿੱਖ ਪੰਜਾਬੀ ਸੰਗਠਿਤ ਹੋ ਚੁੱਕੇ ਸਨ। ਅਖ਼ਬਾਰ ਵੀ ਏਸ਼ੀਅਨਾਂ ਪ੍ਰਤੀ ਨਫ਼ਰਤ ਤੇ ਨਸਲੀ ਵਿਤਕਰੇ ਭਰੀਆਂ ਸੁਰਖੀਆਂ ਨਾਲ ਭਰੇ ਹੁੰਦੇ। ਵੈਨਕੂਵਰ ਦੇ ਸਿੱਖਾਂ ਪੰਜਾਬੀਆਂ ਨੇ ਉਨ੍ਹਾਂ ਦਰ-ਬ-ਦਰ ਹੋਏ ਪੰਜਾਬੀਆਂ ਨੂੰ ਸੰਭਾਲਿਆ। 1907 ਦੇ ਮਾਰਚ ਮਹੀਨੇ ਕੈਨੇਡੀਅਨ ਸਰਕਾਰ ਨੇ ਹਿੰਦੋਸਤਾਨੀਆਂ ਕੋਲੋਂ ਵੋਟ ਦਾ ਹੱਕ ਵੀ ਖੋਹ ਲਿਆ, ਜਿਹੜਾ ਹਰ ਵਿਅਕਤੀ ਨੂੰ ਤਿੰਨ ਸਾਲ ਲਗਾਤਾਰ ਰਹਿਣ ਬਾਅਦ ਪ੍ਰਾਪਤ ਹੁੰਦਾ ਸੀ।
1906 ਵਿਚ ਗੁਰਦੁਆਰਾ ਕਮੇਟੀ ਵੱਲੋਂ ਪਾਸ ਕੀਤੇ ਮਤੇ ਵਿਚ ਗੁਰਦੁਆਰਾ ਬਣਾਉਣ ਲਈ ਜ਼ਮੀਨ ਖ਼ਰੀਦਣ ਦਾ ਮਤਾ ਵਿਸ਼ੇਸ਼ ਸੀ, ਜਿਸ ਲਈ ਫੰਡ ਇਕੱਠਾ ਕੀਤਾ ਗਿਆ। 1907 ਵਿਚ 10 ਏਕੜ ਜ਼ਮੀਨ ਖ਼ਰੀਦ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। 19 ਜਨਵਰੀ 1908 ਨੂੰ ਸੰਗਤਾਂ ਦੀ ਕਮਾਈ ਵਿਚੋਂ ਇਕੱਤਰ ਕੀਤੇ ਪੈਸੇ ਨਾਲ ਖੁੱਲ੍ਹਿਆ ਇਹ ਗੁਰਦਆਰਾ ਸਾਰੇ ਹਿੰਦੋਸਤਾਨੀਆਂ ਲਈ ਸਮਾਜਿਕ ਤੇ ਭਾਈਚਾਰਕ ਸਾਂਝ ਅਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਹੁਣ ਇਸ ਗੁਰਦੁਆਰਾ ਸਾਹਿਬ ਨੂੰ ਸੁਸਾਇਟੀ ਦੇ ਤੌਰ ’ਤੇ ਰਜਿਸਟਰ ਕਰਾਉਣਾ, ਉਸ ਦਾ ਸੰਵਿਧਾਨ ਲਿਖਣ ਦਾ ਮੁੱਖ ਕੰਮ ਸੀ। ਪ੍ਰੋ. ਤੇਜਾ ਸਿੰਘ ਨੇ 1908 ਵਿਚ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਲਿਖਿਆ ਅਤੇ ਰਜਿਸਟਰ ਕਰਵਾਇਆ।
ਭਾਈ ਭਾਗ ਸਿੰਘ ਗੁਰਦੁਆਰਾ ਸੁਸਾਇਟੀ ਦੇ ਪਹਿਲੇ ਸਕੱਤਰ ਬਣੇ ਅਤੇ ਫਿਰ ਪ੍ਰਧਾਨ। ਇਸੇ ਤਰ੍ਹਾਂ ਗੁਰੂ ਨਾਨਕ ਮਾਈਨਿੰਗ ਕੰਪਨੀ ਅਤੇ ਲੇਬਰ ਮਿੱਲਾਂ ਨੂੰ ਖ਼ਰੀਦ ਕੇ ਆਪਣੇ ਕਾਰੋਬਾਰ ਸਥਾਪਤ ਕਰਕੇ ਪੰਜਾਬੀਆਂ ਨੇ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਆਪਣੀ ਮੌਜੂਦਗੀ ਨੂੰ ਕੈਨੇਡਾ ਸਰਕਾਰ ਅੱਗੇ ਭਰਪੂਰ ਤਰੀਕੇ ਨਾਲ ਦਰਜ ਕਰਾਇਆ। ਇਹੀ ਸਮਾਂ ਸੀ ਜਦੋਂ ਹਿੰਦੋਸਤਾਨੀਆਂ ਕੋਲ ‘ਕੰਮ ਨਾ ਹੋਣ ਦਾ ਬਹਾਨਾ ਬਣਾ ਕੇ’ ਹਾਂਡੂਰਸ ਭੇਜਣ ਦੀ ਕੈਨੇਡਾ ਸਰਕਾਰ ਵੱਲੋਂ ਸਕੀਮ ਘੜੀ ਗਈ। ਪਰ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਅਤੇ ਪ੍ਰੋ. ਤੇਜਾ ਸਿੰਘ ਨੇ ਤੱਥਾਂ ਦੇ ਆਧਾਰ ਊੱਤੇ ਕੈਨੇਡਾ ਸਰਕਾਰ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਸਿੱਖਾਂ ਕੋਲ ਕੋਈ ਕੰਮ ਨਹੀਂ ਅਤੇ ਰੋਟੀ ਲਈ ਵੀ ਆਤਰ ਹਨ। ਆਪਣੇ ਕੈਨੇਡਾ ਰਹਿਣ ਦੇ ਹੱਕ ਨੂੰ ਕਾਇਮ ਰੱਖਦੇ ਹੋਏ ਸੈਂਟਰਲ ਅਮਰੀਕਾ ਦੀ ਬ੍ਰਿਟਿਸ਼ ਕਾਲੋਨੀ ਹਾਂਡੂਰਸ ਜਾਣ ਤੋਂ ਇਨਕਾਰ ਕਰ ਦਿੱਤਾ। ਹਾਂਡੂਰਸ ਜਾਣ ਜਾਂ ਨਾ ਜਾਣ ਦੇ ਮਸਲੇ ਬਾਰੇ ਗੁਰਦੁਆਰਾ ਸਾਹਿਬ ਵਿਚ ਇਕੱਠੀ ਹੋਈ ਸੰਗਤ ਵਿਚ ਬੀਬੀ ਬਿਸ਼ਨ ਕੌਰ ਵੀ ਸ਼ਾਮਲ ਸੀ, ਜਿੱਥੇ ਕਮਿਸ਼ਨਰ ਵੈਨਕੂਵਰ ਨੇ ਹਾਂਡੂਰਸ ਬਾਰੇ ਅਖੌਤੀ ਰਿਪੋਰਟ ਸਿੱਖਾਂ ਨੂੰ ਸੁਣਾਉਣੀ ਸੀ। ਸੰਗਤ ਦਰਬਾਰ ਹਾਲ ਵਿਚ ਜੁੜ ਬੈਠੀ ਸੀ। ਹਾਂਡੂਰਸ ਨਾ ਜਾਣ ਦੇ ਗੁਰਮਤੇ ਤੋਂ ਬਾਅਦ ਬੀਬੀ ਬਿਸ਼ਨ ਕੌਰ ਨੇ ਸੰਗਤਾਂ ਵਿਚੋਂ ਖੜ੍ਹੇ ਹੋ ਕੇ ਉੱਚੀ ਬਾਂਹ ਕਰਕੇ ਜੋਸ਼ ਨਾਲ ਜੈਕਾਰਾ ਗਜਾਇਆ ਤੇ ਗੁਰੂ ਦੇ ਹੁਕਮ ਉੱਤੇ ਪਾਬੰਦ ਰਹਿਣ ਦੀ ਅਪੀਲ ਕੀਤੀ। ‘ਬੋਲੇ ਸੋ ਨਿਹਾਲ’ ਅਤੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਜਦੋਂ ਕਮਿਸ਼ਨਰ ਨੇ ਦਰਬਾਰ ਸਾਹਿਬ ਤੋਂ ਹੇਠਲੇ ਹਾਲ ਵਿਚ ਸੁਣੇ ਤਾਂ ਉਹ ਬਿਨਾਂ ਰਿਪਰੋਟ ਸੁਣਾਏ ਹੀ ਵਾਪਸ ਚਲਾ ਗਿਆ। 1909 ਦੀ ਇਕ ਫੋਟੋ ਵਿਚ ਬੀਬੀ ਬਿਸ਼ਨ ਕੌਰ ਪ੍ਰੋ. (ਸੰਤ) ਤੇਜਾ ਸਿੰਘ, ਉਨ੍ਹਾਂ ਦੇ ਬੱਚਿਆਂ, ਭਾਈ ਭਾਗ ਸਿੰਘ ਅਤੇ ਪੰਜ ਹੋਰ ਸਿੰਘਾਂ ਦੀਆਂ ਫੋਟੋਆਂ ਵੀ ਵੈਨਕੂਵਰ ਗੁਰਦੁਆਰਾ ਸਾਹਿਬ ਵਿਚ ਖਿੱਚੀਆਂ ਹੋਣ ਦੇ ਵੇਰਵੇ ਮਿਲਦੇ ਹਨ।
ਕੈਨੇਡੀਅਨ ਸਰਕਾਰ ਨੇ ਹਿੰਦੋਸਤਾਨੀਆਂ ਦੇ ਕੈਨੇਡਾ ਵਿਚ ਦਾਖਲੇ ਨੂੰ ਰੋਕਣ ਲਈ ਹਿੰਦੋਸਤਾਨ ਅਤੇ ਬਰਤਾਨੀਆ ਦੀ ਹਕੂਮਤ ਨਾਲ ਸਲਾਹ ਕਰਕੇ 1908 ਵਿਚ ਆਵਾਸ ਲਈ ‘ਸਿੱਧੇ ਸਫ਼ਰ’ ਅਤੇ 200 ਡਾਲਰ ਜੇਬ ਖ਼ਰਚ ਵਜੋਂ ਕੋਲ ਹੋਣ ਦੀ ਸ਼ਰਤ ਲਾ ਦਿੱਤੀ। ਉਸ ਵੇਲੇ ਕਿਸੇ ਵੀ ਕੰਪਨੀ ਦਾ ਜਹਾਜ਼ ਹਿੰਦੋਸਤਾਨ ਤੋਂ ਸਿੱਧਾ ਚੱਲ ਕੇ ਨਹੀਂ ਸੀ ਆਉਂਦਾ। ਇਸ ਕਾਨੂੰਨ ਦਾ ਮਕਸਦ ਹਿੰਦੋਸਤਾਨੀਆਂ ਦੇ ਕੈਨੇਡਾ ਆਉਣ ’ਤੇ ਪਾਬੰਦੀ ਲਾਉਣਾ ਸੀ। ਇਸ ਕਰਕੇ ਜਦੋਂ ਗੁਰਦੁਆਰਾ ਕਮੇਟੀ, ਹਿੰਦੋਸਤਾਨ ਐਸੋਸੀਏਸ਼ਨ ਅਤੇ ਯੂਨਾਈਟਿਡ ਇੰਡੀਆ ਲੀਗ ਵੱਲੋਂ ਪਰਿਵਾਰਾਂ ਨੂੰ ਮੰਗਵਾਉਣ ਦੀ ਮੰਗ ਸਰਕਾਰ ਅੱਗੇ ਰੱਖੀ ਗਈ ਤਾਂ ਕੈਨੇਡਾ ਸਰਕਾਰ ਨੇ ਉਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹਿੰਦੋਸਤਾਨੀਆਂ ਦੇ ਕੈਨੇਡਾ ਪਰਵਾਸ ਦੇ ਮਸਲੇ ਨੂੰ ਯੋਜਨਾਬੱਧ ਤਰੀਕੇ ਨਾਲ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀ ਸਿੱਖਾਂ ਨੇ ਉਠਾਇਆ। ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਅਤੇ ਹਾਕਮ ਸਿੰਘ ਹੁੰਦਲੇ ਆਵਾਸ ਅਤੇ ਪਰਿਵਾਰਾਂ ਨੂੰ ਮੰਗਵਾਉਣ ਦੀ ਹੱਕੀ ਮੰਗ ਦੀ ਲੜਾਈ ਨੂੰ ਅੱਗੇ ਤੋਰਨ ਲਈ ਸੁਚੇਤ ਤੌਰ ’ਤੇ 1909 ਅਤੇ 1910 ਵਿਚ ਆਪਣੇ-ਆਪਣੇ ਪਰਿਵਾਰ ਲੈਣ ਲਈ ਹਿੰਦੋਸਤਾਨ ਨੂੰ ਜਾਂਦੇ ਹਨ। ਇਸੇ ਹੀ ਸਾਲ ਅਮਰੀਕਾ ਦੀ ਸਰਕਾਰ ਨੇ ਵੀ ਏਸ਼ੀਅਨਾਂ ਅਤੇ ਵਿਸ਼ੇਸ਼ ਤੌਰ ’ਤੇ ਭਾਰਤੀਆਂ ਦੇ ਦਾਖਲੇ ਉੱਤੇ ਪਾਬੰਦੀ ਲਾ ਦਿੱਤੀ। ਕੁਝ ਸਿੱਖਾਂ ਨੇ ਅੰਗਰੇਜ਼ ਹਕੂਮਤ ਵੱਲੋਂ ਫ਼ੌਜੀ ਨੌਕਰੀ ਸਮੇਂ ਦਿੱਤੇ ਮੈਡਲ ਲਾਹ ਕੇ ਸੁੱਟ ਦਿੱਤੇ ਅਤੇ ਵਰਦੀਆਂ ਅਗਨ ਭੇਂਟ ਕਰ ਦਿੱਤੀਆਂ। ਸਿੱਖ ਭਾਈਚਾਰੇ ਦੇ ਮੋਢੀ ਸਿੱਖਾਂ ਦਾ ਪ੍ਰਤੀਨਿਧ ਮੰਡਲ ਫੈਡਲਰ ਸਰਕਾਰ ਨਾਲ ਗੱਲਬਾਤ ਕਰਨ ਲਈ ਓਟਵਾ ਪਹੁੰਚਿਆ, ਜਿਸ ਨੇ ਪਰਿਵਾਰਾਂ, ਖ਼ਾਸ ਕਰਕੇ ਪਤਨੀ ਅਤੇ ਬੱਚਿਆਂ ਨੂੰ ਮੰਗਵਾਉਣ ਦਾ ਹੱਕ ਦੇਣ ਦੀ ਪੈਰਵੀ ਕੀਤੀ। ਇਹ ਮੀਟਿੰਗ ਇੰਟੀਰੀਅਰ ਮਨਿਸਟਰ ਮਿਸਟਰ ਰਾਬਰਟ ਰੋਜਰ ਨਾਲ ਦਸੰਬਰ 1911 ਵਿਚ ਹੋਈ, ਜਿਸ ਨੇ ਮੂੰਹ ਜ਼ੁਬਾਨੀ ਪਰਿਵਾਰਾਂ ਦੇ ਕੈਨੇਡਾ ਆਉਣ ਦੇ ਹੱਕ ਨੂੰ ਸਵੀਕਾਰ ਕੀਤਾ। ਜਦੋਂ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਹਾਕਮ ਸਿੰਘ ਵੱਖ-ਵੱਖ ਸਮੇਂ ਆਪਣੇ ਪਰਿਵਾਰਾਂ ਨੂੰ ਹਿੰਦੋਸਤਾਨ ਤੋਂ ਲੈ ਕੇ ਹਾਂਗਕਾਂਗ ਪਹੁੰਚੇ ਤਾਂ ਕੈਨੇਡਾ ਆਉਣ ਲਈ ਸਮੁੰਦਰੀ ਜਹਾਜ਼ਾਂ ਦੀ ਕਿਸੇ ਵੀ ਕੰਪਨੀ ਨੇ ਹਾਂਗਕਾਂਗ ਤੋਂ ਟਿਕਟ ਨਾ ਦਿੱਤੀ। ਪਰ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਪਰਿਵਾਰਾਂ ਸਮੇਤ ਹਾਂਗਕਾਂਗ ਤੋਂ ਸਾਂ ਫਰਾਂਸਸਿਸਕੋ ਦੀਆਂ ਟਿਕਟਾਂ ਲੈਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਨੂੰ ਅਮਰੀਕਾ ਵੱਲੋਂ 1910 ਵਿਚ ਭਾਰਤੀਆਂ ਲਈ ਵਿਸ਼ੇਸ਼ ਬਣਾਏ ਆਵਾਸ ਕਾਨੂੰਨ ਤਹਿਤ ਬੰਦਰਗਾਹ ਉੱਤੇ ਉਤਰਨ ਨਾ ਦਿੱਤਾ ਅਤੇ ਉਨ੍ਹਾਂ ਨੂੰ ਹਾਂਗਕਾਂਗ ਮੁੜਨਾ ਪਿਆ। ਮਾਤਾ ਹਰਨਾਮ ਕੌਰ ਉਸ ਸਮੇਂ ਗਰਭਵਤੀ ਸੀ। ਨਵੰਬਰ 1911 ਵਿਚ ਮਾਤਾ ਹਰਨਾਮ ਕੌਰ ਨੇ ਆਪਣੇ ਪਹਿਲੇ ਬੱਚੇ ਜੋਗਿੰਦਰ ਸਿੰਘ ਨੂੰ ਜਨਮ ਦਿੱਤਾ। ਲੰਮੀ ਖੱਜਲਖੁਆਰੀ ਤੋਂ ਬਾਅਦ ਮਾਤਾ ਹਰਨਾਮ ਕੌਰ ਅਤੇ ਮਾਤਾ ਕਰਤਾਰ ਕੌਰ ਬੱਚਿਆਂ ਸਮੇਤ ਹਾਂਗਕਾਂਗ ਤੋਂ ਵੈਨਕੂਵਰ ਆਉਣ ਵਾਲੇ ਜਹਾਜ਼ ਵਿਚ ਚੜ੍ਹਨ ਵਿਚ ਕਾਮਯਾਬ ਹੋ ਗਈਆਂ। ਉਹ 21 ਜਨਵਰੀ 1912 ਨੂੰ ਵੈਨਕੂਵਰ ਦੀ ਬੰਦਰਗਾਹ ਉੱਤੇ ਪਹੁੰਚੀਆਂ ਅਤੇ ਸਰਕਾਰ ਨੇ ਉਨ੍ਹਾਂ ਨੂੰ ਉਸ ਵੇਲੇ ਬੱਚਿਆਂ ਸਮੇਤ ਹਿਰਾਸਤ ਵਿਚ ਲੈ ਲਿਆ। ਦੋਵਾਂ ਪਰਿਵਾਰਾਂ ਨੂੰ ਬੱਚਿਆਂ ਸਮੇਤ ਡਿਪੋਰਟ ਕਰਨ ਦੇ ਆਦੇਸ਼ ਸੁਣਾ ਦਿੱਤੇ। ਪਰ ਦੋ-ਦੋ ਸੌ ਡਾਲਰ ਕੈਸ਼ ਅਤੇ ਦੋ ਹਿੰਦੋਸਤਾਨੀਆਂ ਕੋਲੋਂ ਬਾਂਡ ਭਰਵਾਏ ਗਏ। ਫਿਰ ਹੀ ਉਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ। ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਵੱਲੋਂ ਦੋਵਾਂ ਪਰਿਵਾਰਾਂ ਦੇ ਡਿਪੋਰਟ ਕਰਨ ਦੇ ਹੁਕਮਾਂ ਵਿਰੁੱਧ ਅਤੇ ਪੱਕੇ ਆਵਾਸ ਦੇ ਹੱਕ ਨੂੰ ਲੈਣ ਲਈ ਮੁਕੱਦਮਾ ਲੜਿਆ ਗਿਆ। ਕੈਨੇਡਾ ਸਰਕਾਰ ਸਿੱਖ ਔਰਤਾਂ ਦੇ ਕੈਨੇਡਾ ਰਹਿਣ ਦਾ ਕੋਈ ਕਾਨੂੰਨੀ ਆਧਾਰ ਸਥਾਪਤ ਨਹੀਂ ਕਰਨਾ ਚਾਹੁੰਦੀ ਸੀ। ਇਸ ਵਾਰ ਵੀ ਕੋਰਟ ਨੇ ਔਰਤਾਂ ਅਤੇ ਬੱਚਿਆਂ ਪ੍ਰਤੀ ਨਰਮ ਅਤੇ ਦਿਆਲੂ ਵਤੀਰਾ ਅਪਣਾਉਣ ਕਰਕੇ ਪੱਕੇ ਰਹਿਣ ਦੀ ਆਗਿਆ ਦੇ ਦਿੱਤੀ ਸੀ। ਇਸ ਤਰ੍ਹਾਂ ਹਰਨਾਮ ਕੌਰ ਅਤੇ ਉਸ ਦੇ ਬੇਟੇ ਜੋਗਿੰਦਰ ਨੂੰ ਜੋ ਹਾਂਗਕਾਂਗ ਵਿਚ ਪੈਦਾ ਹੋਇਆ ਸੀ, ਕਰਤਾਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਨੂੰ ਜੂਨ 1912 ਵਿਚ ਪੱਕੇ ਤੌਰ ’ਤੇ ਰਹਿਣ ਦੀ ਆਗਿਆ ਦਿੱਤੀ। ਇਸੇ ਤਰ੍ਹਾਂ ਭਾਈ ਹੀਰਾ ਸਿੰਘ ਜੁਲਾਈ 1911 ਵਿਚ ਆਪਣੀ ਪਤਨੀ ਅਤੇ ਤਿੰਨ ਸਾਲ ਦੀ ਬੱਚੀ ਨੂੰ ਲੈਣ ਲਈ ਹਿੰਦੋਸਤਾਨ ਗਿਆ। ਵਾਪਸੀ ਉੱਪਰ ਉਸ ਦੀ ਪਤਨੀ ਅਤੇ ਬੱਚੀ ਨੂੰ ਡੈਕ ਉੱਪਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ (ਬਾਂਡ ਭਰਨ ਤੋਂ ਬਾਅਦ) ਜੁਲਾਈ 1912 ਵਿਚ ਪੱਕੇ ਹੋ ਕੇ ਰਹਿਣ ਦੀ ਇਜਾਜ਼ਤ ਦਿੱਤੀ। ਹਾਕਮ ਸਿੰਘ ਦੀ ਪਤਨੀ ਦੀ ਉਸ ਦੇ ਕੈਨੇਡਾ ਪਰਵਾਸ ਦੌਰਾਨ ਮੌਤ ਹੋ ਗਈ ਸੀ। ਹਾਕਮ ਸਿੰਘ ਦੀ ਵਿਧਵਾ ਮਾਂ, ਉਸ ਦੇ ਚਾਰ ਪੁੱਤਰਾਂ ਨੂੰ ਪਾਲ ਰਹੀ ਸੀ। ਹਾਕਮ ਸਿੰਘ ਨੇ ਆਪਣੀ ਮਾਂ ਅਤੇ ਚਾਰ ਪੁੱਤਰਾਂ ਨੂੰ ਕੈਨੇਡਾ ਲਿਆਉਣ ਦਾ ਫ਼ੈਸਲਾ ਕੀਤਾ। ਹਾਂਗਕਾਂਗ ਪੁੱਜਣ ਉੱਤੇ ਉਨ੍ਹਾਂ ਨੂੰ ਵੀ ਹਾਂਗਕਾਂਗ ਤੋਂ ਕਿਸੇ ਕੰਪਨੀ ਨੇ ਵੈਨਕੂਵਰ ਦੀ ਟਿਕਟ ਨਾ ਦਿੱਤੀ। ਲੰਮੀ ਉਡੀਕ ਤੋਂ ਬਾਅਦ ਹਾਕਮ ਸਿੰਘ ਤਾਂ ਕੈਨੇਡਾ ਪਰਤ ਆਇਆ, ਪਰ ਉਸ ਦੀ ਬਹਾਦਰ ਵਿਧਵਾ ਮਾਂ ਬਿਸ਼ਨ ਕੌਰ ਆਪਣੇ ਚਾਰ ਪੋਤਰਿਆਂ ਸਮੇਤ ਹਾਂਗਕਾਂਗ ਦੇ ਗੁਰਦੁਆਰੇ ਵਿਚ ਲਗਪਗ ਦੋ ਸਾਲ ਤਕ ਉਡੀਕ ਕਰਦੀ ਰਹੀ। ਅੰਤ ਜੁੁਲਾਈ 1913 ਵਿਚ ਆਪਣੇ ਚਾਰੇ ਪੋਤਰਿਆਂ ਸਮੇਤ ਵੈਨਕੂਵਰ ਪਹੁੰਚੀ। ਕੇਸ ਲੜਨ ਲਈ ਵੀ ਪਹਿਲੇ ਕੇਸਾਂ ਦੇ ਹਵਾਲੇ ਨਾਲ ਕੰਮ ਆਏ। ਕੋਰਟ ਨੇ ਵੀ ਸਪੱਸ਼ਟ ਰੂਪ ਵਿਚ ਕਿਹਾ ਕਿ ਇਸ ਕੇਸ ਤੋਂ ਬਾਅਦ ਇਹ ਕੇਸ ਹੋਰ ਪਰਿਵਾਰਾਂ ਦੇ ਪਰਵਾਸ ਲਈ ਆਧਾਰ ਨਹੀਂ ਬਣਨਗੇ। ਕੈਨੇਡਾ ਦੀ ਗੋਰੀ ਸਰਕਾਰ ਵੱਲੋਂ ਇਹ ਵਤੀਰਾ ਕੇਵਲ ਭਾਰਤੀ-ਬ੍ਰਿਟਿਸ਼ ਨਾਗਰਿਕਾਂ ਨਾਲ ਹੀ ਅਪਣਾਇਆ ਗਿਆ ਸੀ। ਜਦੋਂਕਿ ਯੂਰੋਪੀਨ, ਜਪਾਨੀ ਅਤੇ ਚੀਨੀ ਪਰਿਵਾਰਾਂ ਨੂੰ ਆਉਣ-ਜਾਣ ਦੀ ਖੁੱਲ੍ਹ ਸੀ। ਜਦੋਂ ਕਿ ‘ਬ੍ਰਿਟਿਸ਼ ਸਬਜੈਕਟ’ ਅਧੀਨ ਭਾਵ ਜਿੱਥੇ ਅੰਗਰੇਜ਼ਾਂ ਦੀਆਂ ਬਸਤੀਆਂ ਸਨ, ਉੱਥੇ-ਊੱਥੇ ਉਸ ਅਧੀਨ ਦੇਸ਼ਾਂ ਦੇ ਨਾਗਰਿਕ ਜਾ ਕੇ ਵਸ ਸਕਦੇ ਸਨ। ਇਸ ਤਰ੍ਹਾਂ 1998 ਵਿਚ ਹਾਂਗਕਾਂਗ ਤੋਂ ਇੰਗਲੈਂਡ ਦਾ 9 ਸਾਲਾ ਪਟਾ ਖ਼ਤਮ ਹੋਣ ਦੇ ਬਾਅਦ ਬਹੁਤ ਸਾਰੇ ਹਾਂਗਕਾਂਗ ਵਿਚ ਵਸਦੇ ਵੱਖ-ਵੱਖ ਮੁਲਕਾਂ ਦੇ ਪਿਛੋਕੜ ਵਾਲੇ ਨਾਗਰਿਕਾਂ ਨੂੰ ਸ਼ਹਿਰੀਅਤ ਦਿੱਤੀ ਗਈ ਸੀ।
28 ਅਗਸਤ, 1912 ਨੂੰ ਸ੍ਰੀਮਤੀ ਕਰਤਾਰ ਕੌਰ ਨੇ ਬੇਟੇ ਹਰਦਿਆਲ ਸਿੰਘ ਨੂੰ ਜਨਮ ਦਿੱਤਾ, ਜੋ ਕੈਨੇਡਾ ਦੀ ਧਰਤੀ ਉੱਪਰ ਪੈਦਾ ਹੋਣ ਵਾਲਾ ਪਹਿਲਾ ਸਿੱਖ ਬੱਚਾ ਸੀ। ਉਸੇ ਹੀ ਸਾਲ 5 ਸਤੰਬਰ ਨੂੰ ਭਾਈ ਭਾਗ ਸਿੰਘ ਨੂੰ ਗੁਰਦੁਆਰੇ ਵਿਚ ਹੀ ਸੀ.ਆਈ.ਡੀ. ਏਜੰਟ ਹਾਪਕਿਨਸਿਨ ਦੇ ਜੋਟੀਦਾਰ ਬੇਲਾ ਸਿੰਘ ਜਿਆਣ, ਜੋ ਪਿੱਛੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਸੀ, ਨੇ ਭਾਗ ਸਿੰਘ ਅਤੇ ਹੋਰ ਸੰਗਤਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ 6 ਸਤੰਬਰ ਨੂੰ ਹਸਪਤਾਲ ਵਿਚ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਯਤੀਮ ਹੋ ਗਏ, ਜਿਨ੍ਹਾਂ ਨੂੰ ਸਿੱਖ ਭਾਈਚਾਰੇ ਵੱਲੋਂ ਪਾਲਿਆ ਗਿਆ। ਇਹ ਸਭ ਕੁਝ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਦੇ ਪੱਕੇ ਪਰਵਾਸ ਨੂੰ ਰੋਕਣ ਅਤੇ ਦਹਿਸ਼ਤ ਪੈਦਾ ਕਰਨ ਲਈ ਕਰਵਾਇਆ ਜਾ ਰਿਹਾ ਸੀ। ਜਦੋਂ ਵੀ ਕੋਈ ਭਾਈਚਾਰਾ ਸੰਸਥਾਗਤ ਪ੍ਰਬੰਧਨ ਵਿਚ ਬੱਝਦਾ ਤਾਂ ਸਰਕਾਰ ਉਸ ਸਥਾਪਤੀ ਨੂੰ ਭੰਗ ਕਰਕੇ ਉਸ ਫਿਰਕੇ ਵਿਚ ਡਰ ਦਾ ਮਾਹੌਲ ਪੈਦਾ ਕਰਨ ਦਾ ਭਰਮ ਪਾਲਦੀ। ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੀ ਸਥਾਪਤੀ ਨਾਲ ਕੈਨੇਡਾ ਦੀ ਸਰਕਾਰ ਚੌਕੰਨੀ ਹੋ ਗਈ ਸੀ।
ਵੈਨਕੂਵਰ ਵਿਖੇ 1909 ਵਿਚ ਗੁਰਦੁਆਰੇ ਵਿਚ ਮਰਿਆਦਾ ਅਨੁਸਾਰ ਪਹਿਲਾ ਵਿਆਹ ਗਿਆਨ ਸਿੰਘ ਅਤੇ ਐਨੀ ਰਾਈਟ ਦਾ ਹੋਇਆ। ਐਨੀ ਰਾਈਟ ਨੇ ਪ੍ਰੋ. ਤੇਜਾ ਸਿੰਘ ਦੇ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੇ ਲੈਕਚਰਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਗ੍ਰਹਿਣ ਕੀਤਾ ਅਤੇ ਐਨੀ ਰਾਈਟ ਤੋਂ ਲਾਭ ਕੌਰ ਬਣੀ। ਹਰਨਾਮ ਕੌਰ ਅਤੇ ਭਾਈ ਭਾਗ ਸਿੰਘ ਦੀ ਬੇਟੀ ਨੂੰ ਪਹਿਲੇ ਚਾਰ-ਪੰਜ ਸਾਲ ਇਸੇ ਐਨੀ ਨੇ ਹੀ ਪਾਲਿਆ। ਅਸਲ ਵਿਚ ਕੈਨੇਡਾ ਵਿਚ ਭਾਰਤੀਆਂ ਦੇ ਪਰਵਾਸ ਅਤੇ ਪਰਿਵਾਰਾਂ ਦੇ ਆਵਾਸ ਦੇ ਹੱਕ ਦੀ ਲੜਾਈ ਵਿਚ ਮੋਹਰੀ ਭੂਮਿਕਾ ਅਤੇ ਅਗਵਾਈ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੇ ਅਦਾ ਕੀਤੀ।
ਕੈਨੇਡਾ ਸਰਕਾਰ ਦੀ ਇਕ ਰਿਪੋਰਟ ਅਨੁਸਾਰ 1904 ਤੋਂ 1920 ਤਕ ਕੇਵਲ 9 ਭਾਰਤੀ ਔਰਤਾਂ ਹੀ ਆਵਾਸ ਦੇ ਤੌਰ ’ਤੇ ਹਿੰਦੋਸਤਾਨ ਵਿਚੋਂ ਕੈਨੇਡਾ ਪਹੁੰਚਣ ਵਿਚ ਕਾਮਯਾਬ ਹੋਈਆਂ। ਮਾਤਾ ਕਰਤਾਰ ਕੌਰ 1915 ਵਿਚ ਆਪਣੇ ਪਤੀ ਅਤੇ ਬੱਚਿਆਂ ਸਮੇਤ ਸ਼ੰਘਾਈ ਦੇ ਰਸਤੇ ਵਾਪਸ ਪੰਜਾਬ ਨੂੰ ਆ ਗਈ। ਉਸ ਦੇ ਪਤੀ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਜੇਲ੍ਹ ਦੀ ਲੰਮੀ ਸਜ਼ਾ ਤੋਂ ਬਾਅਦ 29 ਮਾਰਚ, 1917 ਨੂੰ ਲਾਹੌਰ ਵਿਖੇ ਦੂਸਰੇ ਲਾਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਦੀ ਸਜ਼ਾ ਦਿੱਤੀ ਗਈ। ਕੈਨੇਡਾ ਸਰਕਾਰ ਦੀ 1911 ਦੀ ਮਰਦਮਸ਼ੁਮਾਰੀ ਅਨੁਸਾਰ 5000 ਭਾਰਤੀਆਂ ਵਿਚੋਂ 90% ਸਿੱਖ ਪੰਜਾਬੀ ਸਨ, ਜਿਨ੍ਹਾਂ ਨੂੰ ‘ਹਿੰਦੂ’ ਦੇ ਨਾਮ ਹੇਠ ਦਰਜ ਕੀਤਾ ਜਾਂਦਾ ਸੀ। 1920 ਤੋਂ 1960 ਤਕ ਪਰਿਵਾਰਾਂ ਦੇ ਪਰਵਾਸ ਦਾ ਸਿਲਸਿਲਾ ਲਗਪਗ ਬੰਦ ਵਰਗਾ ਹੀ ਰਿਹਾ ਕਿਉਂਕਿ ਸਿੱਧੇ ਸਫ਼ਰ ਦੀ ਸ਼ਰਤ ਕਾਰਨ ਬਹੁਤ ਦੁਸ਼ਵਾਰੀਆਂ ਸਨ। ਇਸੇ ਕਰਕੇ ਕਾਮਾਗਾਟਾ ਮਾਰੂ ਜਹਾਜ਼ ਬਾਬਾ ਗੁਰਦਿੱਤ ਸਿੰਘ 376 ਮੁਸਾਫ਼ਰ ਨਾਲ ਲੈ ਕੇ ਤੁਰਿਆ ਸੀ। ਉਸ ਸਮੇਂ ਵੈਨਕੂਵਰ ਗੁਰਦੁਆਰਾ ਸੁਸਾਇਟੀ, ਇੰਡੀਆ ਲੀਗ ਵੱਲੋਂ ਪੈਸੇ ਇਕੱਠੇ ਕਰਕੇ ਕੇਸ ਲੜਿਆ ਗਿਆ। 1908 ਵਿਚ ਪਾਸ ਹੋਏ ਕਾਨੂੰਨ ਦੀ ਸ਼ਰਤ ਭਾਵੇਂ ਬਾਬਾ ਗੁਰਦਿੱਤ ਸਿੰਘ ਨੇ ਪੂਰੀ ਕੀਤੀ, ਪਰ ਫਿਰ ਵੀ ਉਨ੍ਹਾਂ ਨੂੰ ਊਤਰਨ ਦੀ ਆਗਿਆ ਨਾ ਦੇਣਾ ਘੋਰ ਜ਼ੁਲਮ ਸੀ, ਜਿਸ ਦੀ ਕੈਨੇਡਾ ਸਰਕਾਰ ਨੇ ਪੰਜਾਬੀਆਂ ਅਤੇ ਸਿੱਖਾਂ ਦੇ ਰਾਜਨੀਤਕ ਦਬਾਅ ਕਾਰਨ 100 ਸਾਲ ਪਾਰਲੀਮੈਂਟ ਵਿਚ ਉਸ ਦੇ ਪੁਰਖਿਆਂ ਵੱਲੋਂ ਕੀਤੇ ਜ਼ੁਲਮ ਦੀ ਮੁਆਫ਼ੀ ਮੰਗੀ, ਪਰ ਮਾਤਾ ਹਰਨਾਮ ਕੌਰ, ਮਾਤਾ ਕਰਤਾਰ ਕੌਰ ਅਤੇ ਮਾਤਾ ਬਿਸ਼ਨ ਕੌਰ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਪਾਣੀਆਂ ਉੱਪਰ ਆਪਣੇ ਦ੍ਰਿੜ੍ਹ ਇਰਾਦੇ ਅਤੇ ਕੁਰਬਾਨੀ ਦੀ ਗਾਥਾ ਲਿਖ ਦਿੱਤੀ ਸੀ।
1960 ਵਿਚ ਕੈਨੇਡਾ ਦੀ ਅਰਥ-ਵਿਵਸਥਾ ਖੜੋਤ ਦੀ ਸਥਿਤੀ ਵਿਚ ਪਹੁੰਚ ਗਈ। ਕਾਮਿਆਂ ਦੀ ਥੁੜ੍ਹ ਨੂੰ ਪੂਰਾ ਕਰਨ ਲਈ ਆਵਾਸ ਕਾਨੂੰਨਾਂ ਵਿਚ ਬਦਲਾਅ ਕੀਤੇ ਗਏ। ਇਸ ਤੋਂ ਬਾਅਦ ਹੀ ਦੱਖਣੀ ਏਸ਼ੀਆ ਵਿਚੋਂ ਵੱਡੀ ਪੱਧਰ ਉੱਤੇ ਕੈਨੇਡਾ ਵੱਲ ਪਰਵਾਸ ਦਾ ਰੁਝਾਨ ਵਧਦਾ ਹੈ। ਹਿੰਦੋਸਤਾਨ ਵਿਚੋਂ ਆਮ ਤੌਰ ’ਤੇ ਸਿੱਖਾਂ ਅਤੇ ਪੰਜਾਬੀਆਂ ਦਾ ਪਰਿਵਾਰਾਂ ਸਮੇਤ ਰੁਝਾਨ 1970 ਤੋਂ ਬਾਅਦ ਤੇਜ਼ੀ ਨਾਲ ਵਧਦਾ ਹੈ। ਇਹ ਪੜ੍ਹੀ-ਲਿਖੀ ਮੱਧ ਸ਼੍ਰੇਣੀ ਦੇ ਪਰਿਵਾਰ ਸਨ, ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੋਹ ਭੰਗ ਹੁੰਦਾ ਹੈ ਜਦੋਂ ਕਿ 20ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿਚ ਪਹੁੰਚਣ ਵਾਲੇ ਅਨਪੜ੍ਹ, ਗ਼ਰੀਬ ਦਰਜੇ ਦੀ ਮਾਰ ਝੱਲਦੇ ਅਤੇ ਅੰਗਰੇਜ਼ਾਂ ਦੀ ਲਗਾਨ ਦੀ ਮਾਰੂ ਨੀਤੀ ਤੋਂ ਅੱਕੇ ਜ਼ਮੀਨਾਂ ਗਹਿਣੇ ਕਰਕੇ ਕੱਲੇਕਾਰੇ ਹੀ ਕੈਨੇਡਾ ਪਹੁੰਚਣ ਵਾਲੇ ਸਿੱਖ ਅਤੇ ਪੰਜਾਬੀ ਸਨ।
ਹੁਣ ਤਾਂ ਹਿੰਦੋਸਤਾਨੀ ਔਰਤਾਂ ਰਾਜਨੀਤੀ ਵਿਚ ਐੱਮ.ਪੀ., ਐੱਮ.ਐੱਲ.ਏ. ਅਤੇ ਮੰਤਰੀ ਦੇ ਤੌਰ ’ਤੇ ਵੱਡੀ ਭੂਮਿਕਾ ਅਦਾ ਕਰ ਰਹੀਆਂ ਹਨ। ਟਰੱਕ ਡਰਾਈਵਰ, ਬੱਸ ਚਾਲਕ, ਫੈਕਟਰੀ ਮਜ਼ਦੂਰ, ਰੇਡੀਓ ਅਤੇ ਟੈਲੀਵਿਜ਼ਨ, ਪੱਤਰਕਾਰ, ਕਾਲਜ ਅਤੇ ਯੂਨੀਵਰਸਿਟੀ ਅਧਿਆਪਕ, ਕੋਰਟਾਂ ਵਿਚ ਵਕੀਲ ਅਤੇ ਜੱਜ ਅਤੇ ਛੋਟੇ ਉਦਯੋਗ ਧੰਦਿਆਂ ਵਿਚ ਲੱਗੀਆਂ ਹੋਈਆਂ ਹਨ। ਅਜੋਕੇ ਸਮੇਂ ਵਿਚ ਸਿੱਖ ਅਤੇ ਪੰਜਾਬੀ ਔਰਤਾਂ ਦੀ ਰਾਜਨੀਤੀ ਵਿਚ ਭਾਗੀਦਾਰੀ ਬਾਕੀ ਭਾਈਚਾਰਿਆਂ ਨਾਲੋਂ ਵਧੇਰੇ ਹੈ।
ਇਕ ਸਦੀ ਤੋਂ ਵੀ ਪਹਿਲਾਂ ਕੈਨੇਡਾ ਦੇ ਪਰਵਾਸ ਕਾਨੂੰਨਾਂ ਨੂੰ ਚੁਣੌਤੀ ਦਿੰਦੀਆਂ ਉਨ੍ਹਾਂ ਬਹਾਦਰ ਔਰਤਾਂ ਨੂੰ ਯਾਦ ਕਰਨਾ ਤਾਂ ਬਣਦਾ ਹੀ ਹੈ, ਜਿਨ੍ਹਾਂ ਨੇ ਔਖੇ ਪੰਧ ਤੈਅ ਕੀਤੇ ਅਤੇ ਆਉਣ ਵਾਲੀਆਂ ਹਿੰਦੋਸਤਾਨ ਅਤੇ ਦੱਖਣ ਏਸ਼ੀਆਈ ਔਰਤਾਂ ਲਈ ਰਾਹ ਬਣਾਏ। ਮਾਤਾ ਹਰਨਾਮ ਕੌਰ, ਮਾਤਾ ਕਰਤਾਰ ਕੌਰ ਅਤੇ ਮਾਤਾ ਬਿਸ਼ਨ ਕੌਰ ਨੂੰ ਸਮੁੱਚੀਆਂ ਹਿੰਦੋਸਤਾਨੀ ਔਰਤਾਂ ਵੱਲੋਂ ਸਿਜਦਾ।