ਰਵੇਲ ਸਿੰਘ ਭਿੰਡਰ
ਪਟਿਆਲਾ, 9 ਜੂਨ
ਬਿਜਲੀ ਕਾਮਿਆਂ ਨੇ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਸਮੁੱਚੇ ਪੰਜਾਬ ’ਚ ਉਪ ਮੰਡਲ ਅਤੇ ਮੰਡਲ ਦਫ਼ਤਰਾਂ ਅੱਗੇ ਪਾਵਰ ਮੈਨੇਜਮੈਂਟ ਵੱਲੋਂ ਜਥੇਬੰਦੀ ਨਾਲ ਮੀਟਿੰਗਾਂ ਵਿੱਚ ਹੋਏ ਫੈਸਲੇ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੁੱਧ ਰੋਸ ਵਿਖਾਵੇ ਕੀਤੇ। ਅਜਿਹੇ ਰੋਸ ਪ੍ਰਰਦਸ਼ਨਾਂ ਦੌਰਾਨ ਪਾਵਰ ਮੈਨੇਜਮੈਂਟ ਦੀਆਂ ਅਰਥੀਆਂ ਵੀ ਸਾੜੀਆਂ ਗਈਆਂ।
ਰੈਲੀਆਂ ਵਿੱਚ ਐਲਾਨ ਕੀਤਾ ਗਿਆ ਕਿ 10 ਜੂਨ ਤੋਂ 30 ਜੂਨ ਤੱਕ ਦੋਵੇਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਸਮੁੱਚੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ। 10 ਜੂਨ ਤੋਂ ਹੀ ਬਿਜਲੀ ਕਾਮੇ ‘ਵਰਕ ਟੂ ਰੂਲ’ ਅਨੁਸਾਰ ਕੰਮ ਕਰਨਗੇ ਅਤੇ ਜੁਲਾਈ ਦੇ ਦੂਜੇ ਹਫਤੇ ਇੱਕ ਦਿਨ ਦੀ ਮੁਕੰਮਲ ਹੜਤਾਲ ਕੀਤੀ ਜਾਵੇਗੀ।
ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਸੰਧੂ, ਬ੍ਰਿਜ ਲਾਲ, ਰਣਬੀਰ ਸਿੰਘ, ਕੌਰ ਸਿੰਘ ਸੋਹੀ ਨੇ ਵੱਖ-ਵੱਖ ਥਾਵਾਂ ’ਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਵਰ ਮੈਨੇਜਮੈਂਟ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ।
16 ਮੁਜ਼ਾਹਰੇ ਦਾ ਐਲਾਨ
ਜੁਆਇੰਟ ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 16 ਜੂਨ ਨੂੰ ਹੈੱਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।