ਹੀਰ ਵਾਰਿਸ ਦਾ ਨਾਦ
1 ਜੁਲਾਈ ਨੂੰ ਵਿਰਾਸਤ ਪੰਨੇ ’ਤੇ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਵਾਰਿਸ ਸ਼ਾਹ ਦੀ ਹੀਰ ਦਾ ਜ਼ਿਕਰ ਕੀਤਾ ਹੈ। ਵਾਰਿਸ ਸ਼ਾਹ ਪੰਜਾਬੀ ਦਾ ਸ਼ਹਿਨਸ਼ਾਹ ਹੈ। ਹੀਰ ਤੇ ਵਾਰਿਸ ਸ਼ਾਹ ਦਾ ਇਕਮਿੱਕ ਹੋਣਾ ਹੀਰ ਰਾਂਝੇ ਦੇ ਕਿੱਸੇ ਦੀ ਮਹਾਨਤਾ ਹੈ। ਜਿਵੇਂ ਕੁਦਰਤ ਆਪਣੀ ਹਰ ਚੀਜ਼ ਵਿਚ ਬਿਰਾਜਮਾਨ ਹੈ, ਤਿਵੇਂ ਹੀ ਵਾਰਿਸ ਸ਼ਾਹ ਕਿੱਸੇ ਦੀ ਹਰ ਤੁੱਕ ਵਿਚ ਇਹ ਨਾਦ ਸਿਰ ਚੜ੍ਹ ਕੇ ਗੂੰਜ ਰਿਹਾ ਹੈ: ‘ਹੀਰੇ ਹਿਕਮਤਾਂ ਨਾਲ ਨਾ ਹੋਣ ਮਿੱਠੇ, ਲੱਖ ਯਤਨ ਕਰੀਏ ਕੌੜਤੂੰਮਿਆਂ ਨੂੰ’। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਸੁਖਪਾਲ ਬੀਰ ਦਾ ਮਿਡਲ ਨਜ਼ਰਬੱਟੂ ਬਾਰੇ ਸਾਡੀ ਮਾਨਸਿਕਤਾ ਵਿਚ ਪਲ਼ ਰਹੇ ਅੰਧਵਿਸ਼ਵਾਸਾਂ ਦੀ ਤਾਕਤ ਦਾ ਮੁਜ਼ਾਹਰਾ ਕਰਦਾ ਹੈ। ਵਿਗਿਆਨਕ ਸਮਝ ਨਾਲ ਸੂਰਜ ਤੇ ਚੰਦ ਗ੍ਰਹਿਣ ਲੱਗਣੇ ਮਨੁੱਖ ਦੀ ਪਕੜ ਵਿਚ ਆ ਗਏ ਹਨ ਪਰ ਵਹਿਮ ਭਰਮ ਵੀ ਉਸੇ ਤਰ੍ਹਾਂ ਚੌੜੀ ਛਾਤੀ ਕਰ ਕੇ ਖੜ੍ਹੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਰਾਹ ਦਸੇਰਾ
3 ਜੁਲਾਈ ਨੂੰ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦੇ ਮਿਡਲ ‘ਮਿਹਨਤ ਦੀ ਪੌੜੀ’ ਵਿਚ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਮਿਹਨਤ ਕਰ ਕੇ ਵੱਡੇ ਤੋਂ ਵੱਡਾ ਸਥਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਲੇਖ ਕਿਰਤੀ ਲੋਕਾਂ ਲਈ ਰਾਹ ਦਸੇਰਾ ਅਤੇ ਹੌਂਸਲਾ ਦੇਣ ਵਾਲਾ ਹੈ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਨੌਜਵਾਨ ਪੀੜ੍ਹੀ ਦੀ ਸਾਰ
2 ਜੁਲਾਈ ਦੇ ਜਵਾਂ ਤਰੰਗ ਪੰਨੇ ’ਤੇ ਜਗਦੀਪ ਸਿੰਘ ਭੁੱਲਰ ਦਾ ਲੇਖ ‘ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ’ ਛਪਿਆ ਹੈ। ਨੌਜਵਾਨ ਪੀੜ੍ਹੀ ਜੋ ਉਚੇਰਾ ਪੜ੍ਹਨ ਲਿਖਣ ਦੇ ਬਾਵਜੂਦ ਰੁਜ਼ਗਾਰ ਤੋਂ ਵਿਰਵੀ, ਸੜਕਾਂ ’ਤੇ ਧੱਕੇ ਖਾਂਦੀ ਤੇ ਮਾਨਸਿਕ ਤਣਾਅਦਾ ਸ਼ਿਕਾਰ ਹੋ ਕੇ ਕਈ ਵਾਰ ਖ਼ੁਦਕੁਸ਼ੀਆਂ ਦੇ ਰਾਹ ਵੱਲ ਵੀ ਪੈ ਜਾਂਦੀ ਹੈ, ਬਾਰੇ ਲੇਖ ਵਿਚ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਇਨ੍ਹਾਂ ਦੀ ਸਾਰ ਨਾ ਤਾਂ ਕੋਈ ਸਰਕਾਰ ਲੈਂਦੀ ਹੈ ਅਤੇ ਨਾ ਹੀ ਕੋਈ ਹੋਰ। ਨੌਜਵਾਨ ਫਿਰ ਮਜਬੂਰੀ ਵੱਸ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਦੇ ਹਨ ਤਾਂ ਉਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਤਨਖ਼ਾਹ ਘੱਟ ਮਿਲਦੀ ਹੈ। ਸਰਕਾਰ ਨੂੰ ਇਨ੍ਹਾਂ ਦੇ ਰੁਜ਼ਗਾਰ ਲਈ ਸਾਰ ਲੈਣੀ ਬਣਦੀ ਹੈ।
ਜਗਜੀਤ ਸਿੰਘ ਚੰਦਭਾਨ, ਪਿੰਡ ਚੰਦਭਾਨ (ਫਰੀਦਕੋਟ)
(2)
ਲੇਖ ‘ਕਈ ਮਸਲਿਆਂ ਉੱਤੇ ਜੂਝ ਰਹੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ’ ਪੜ੍ਹਿਆ। ਇਹ ਲੇਖ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਹਾਲਤ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕਰਦਾ ਹੈ। ਵਰਤਮਾਨ ਸਮੇਂ ਵਿਚ ਬਹੁਤ ਸਾਰੇ ਨੌਜਵਾਨ ਡਿਗਰੀਆਂ ਹਾਸਿਲ ਕਰਕੇ ਖਾਲੀ ਹੱਥ ਇੱਧਰ ਉਧਰ ਘੁੰਮ ਰਹੇ ਹਨ। ਕਈ ਵਾਰ ਤਾਂ ਬੇਰੁਜ਼ਗਾਰੀ ਕਾਰਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਮਹਿੰਗੀ ਵਿੱਦਿਆ ਅਤੇ ਬੇਰੁਜ਼ਗਾਰੀ ਨੇ ਪੜ੍ਹੇ ਲਿਖੇ ਵਰਗ ਅਤੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਫਿਰ ਨੌਜਵਾਨਾਂ ਦਾ ਵਿਦੇਸ਼ ਜਾਣਾ ਸਾਡੇ ਸਮੁੱਚੇ ਸਮਾਜ ਦੇ ਵਿਕਾਸ ਲਈ ਮਾੜੀ ਗੱਲ ਹੈ। ਬੇਰੁਜ਼ਗਾਰੀ ਲਈ ਸਿੱਧੇ ਤੌਰ ’ਤੇ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਵੋਟਾਂ ਬਟੋਰਨ ਲਈ ਇਹ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕਰਦੀ ਹੈ ਪਰ ਵਾਅਦਿਆਂ ’ਤੇ ਖ਼ਰੀ ਨਹੀਂ ਉੱਤਰਦੀ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਚੁੱਕੇਗੀ ਜਾਂ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੀ ਤਰਸਯੋਗ ਹਾਲਤ ’ਤੇ ਹੀ ਛੱਡ ਦਿੱਤਾ ਜਾਵੇਗਾ।
ਪਰਮਿੰਦਰ ਸੰਧੂ, ਈਮੇਲ
(3)
ਜਵਾਂ ਤਰੰਗ ਪੰਨੇ ਉੱਤੇ ਛਪਿਆ ਜਗਦੀਪ ਸਿੰਘ ਭੁੱਲਰ ਦਾ ਲੇਖ ‘ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ’ ਪੜ੍ਹਿਆ। ਇਉਂ ਲੱਗਿਆ ਕਿ ਅਸੀਂ ਹਮੇਸ਼ਾ ਹੀ ਗਿਆਨ ਤੋਂ ਕੋਹਾਂ ਦੂਰ ਰਹੇ ਹਾਂ। ਅੱਜ ਜੇ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਅਤੇ ਡਿਗਰੀਆਂ ਲੈ ਕੇ ਵੀ ਕਈ ਮਸਲਿਆਂ ਨਾਲ ਜੂਝ ਰਹੀ ਹੈ ਤਾਂ ਉਹਦਾ ਇਕ ਕਾਰਨ ਬੇਰੁਜ਼ਗਾਰੀ ਹੈ ਅਤੇ ਦੂਜਾ ਗਿਆਨ ਦੇ ਸਾਧਨ। ਅਸੀਂ ਸਾਰੇ ਹੀ ਕਾਲਜ-ਯੂਨੀਵਰਸਿਟੀਆਂ ’ਚੋਂ ਡਿਗਰੀਆਂ ਤਾਂ ਲੈ ਲੈਂਦੇ ਹਾਂ ਪਰ ਅਸਲ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸ ਦਾ ਵੱਡਾ ਕਾਰਨ ਸਾਡੀ ਸੋਚ ਹੈ ਕਿਉਂਕਿ ਅਸੀਂ ਸਾਰੇ ਹੀ ਕਾਲਜਾਂ ’ਚ ਸਿਰਫ਼ ਡਿਗਰੀ ਲਈ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਬਸ ਵਧੀਆ ਅੰਕਾਂ ਨਾਲ ਪਾਸ ਹੋ ਜਾਈਏ। ਕਿਤਾਬਾਂ ਪੜ੍ਹਨੀਆਂ ਅਸੀਂ ਤਿਆਗ ਦਿੰਦੇ ਹਾਂ।
ਜਗਵਿੰਦਰ ਸਿੰਘ, ਈਮੇਲ
ਕਿਸਾਨਾਂ ਨਾਲ ਖੜ੍ਹਨ ਦਾ ਵੇਲਾ
ਇਕ ਜੁਲਾਈ ਨੂੰ ਡਾ. ਸੁਖਪਾਲ ਸਿੰਘ ਦਾ ਲੇਖ ਖੇਤੀ ਆਰਡੀਨੈਂਸ ਉੱਪਰ ਵਿਸਥਾਰ ਸਾਹਿਤ ਚਰਚਾ ਕਰਦਾ ਹੈ। ਇਹ ਆਰਡੀਨੈਂਸ ਸਿਰਫ਼ ਖੇਤੀ ਨਾਲ ਸਬੰਧਿਤ ਨਹੀਂ ਸਗੋਂ ਸਮੁੱਚੇ ਭਾਰਤੀ ਢਾਂਚੇ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਬਿਨਾਂ ਸੰਸਦ ਵਿਚ ਵਿਚਾਰੇ ਕਾਨੂੰਨ ਦੀ ਥਾਂ ਆਰਡੀਨੈਂਸ ਲਿਆਉਣਾ ਕਿਸੇ ਸਾਜ਼ਿਸ਼ ਤੋਂ ਘੱਟ ਨਹੀਂ। ਇਸ ਨਾਲ ਨਾ ਕੇਵਲ ਸੰਘੀ (ਫੈਡਰਲ) ਢਾਂਚਾ ਤਬਾਹ ਹੋਵੇਗਾ ਸਗੋਂ ਖੇਤੀ ਸੈਕਟਰ ਵੱਡੇ ਕਾਰਪੋਰੇਟਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ। ਸਿੱਟੇ ਵਜੋਂ ਪੰਜ ਏਕੜ ਤੋਂ ਘੱਟ ਵਾਲੇ 86 ਫ਼ੀਸਦੀ ਭਾਰਤ ਦੇ ਕਿਸਾਨ ਇਨ੍ਹਾਂ ਵੱਡੇ ਕਾਰਪੋਰੇਟਾਂ ਅੱਗੇ ਝੁਕ ਕੇ ਮਾਲਕੀ ਤੋਂ ਮਜ਼ਦੂਰ ਬਣ ਜਾਣਗੇ। ਇਹ ਸਮਾਂ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸਗੋਂ ਹਰ ਭਾਰਤੀ ਨਾਗਰਿਕ ਲਈ ਸੋਚਣ ਦਾ ਵੇਲਾ ਹੈ।
ਸੰਜੇ ਖਾਨ ਧਾਲੀਵਾਲ, ਪਟਿਆਲਾ