ਖੇਤਰੀ ਪ੍ਰਤੀਨਿਧ
ਪਟਿਆਲਾ, 25 ਜੁਲਾਈ
ਸ਼ਨਿੱਚਰਵਾਰ ਨੂੰ 14.5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ, ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨਾ ਤਾਂ ਕੋਈ ਸਰਕਾਰੀ ਜ਼ਮੀਨ ਵੇਚੀ ਅਤੇ ਨਾ ਹੀ ਸਰਕਾਰੀ ਜ਼ਮੀਨਾਂ ’ਤੇ ਕੋਈ ਕਰਜ਼ਾ ਲਿਆ, ਬਲਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ ਵਿਸ਼ੇਸ਼ ਗਰਾਂਟ ਰਾਹੀਂ ਇਨ੍ਹਾਂ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ।
ਸ਼ਹਿਰ ਦੇ ਅੰਦਰਲੇ ਹਿੱਸੇ ਵਿੱਚ ਸੀਵਰੇਜ ਅਤੇ ਪਾਣੀ ਸਪਲਾਈ ਦੀਆਂ ਲਾਈਨਾਂ 50 ਸਾਲ ਪੁਰਾਣੀਆਂ ਹੋ ਚੁੱਕੀਆਂ ਹਨ, ਇਸੇ ਕਰਕੇ ਰੋਜ਼ਾਨਾ ਪੀਣ ਵਾਲੇ ਪਾਣੀ ਤੇ ਸੀਵਰੇਜ ਨੂੰ ਲੈ ਕੇ ਲੋਕਾਂ ਦੀ ਸ਼ਿਕਾਇਤ ਨਿਗਮ ਕੋਲ ਵਧ ਰਹੀ ਸੀ। 10 ਕਰੋੜ ਨਾਲ 32 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਅਤੇ 4.5 ਕਰੋੜ ਰੁਪਏ ਦੀ ਲਾਗਤ ਨਾਲ 30 ਕਿਲੋਮੀਟਰ ਲੰਬੀ ਜਲ ਸਪਲਾਈ ਲਾਈਨਾਂ ਦਾ ਕੰਮ ਸ਼ੁਰੂ ਕਰਵਾਈਆਂ ਗਿਆ ਹੈ। ਸ਼ਹਿਰ ਦੇ ਤਕਰੀਬਨ ਸਾਢੇ ਤਿੰਨ ਲੱਖ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਮੌਕੇ ਕੌਂਸਲਰ ਅਤੁਲ ਜੋਸ਼ੀ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਐਕਸ.ਈ.ਐਨ ਸੁਰੇਸ਼ ਕੁਮਾਰ ਅਤੇ ਇਲਾਕਾ ਵਾਸੀ ਮੁੱਖ ਰੂਪ ਵਿੱਚ ਮੌਜੂਦ ਸਨ।