ਨਿਰੰਜਣ ਬੋਹਾ
ਬੋਹਾ, 21 ਜੂਨ
ਬੋਹਾ ਬੁਢਲਾਡਾ ਸੜਕ ’ਤੇ ਬਣ ਰਹੇ ਬੋਹਾ ਰਜਬਾਹਾ ਦੇ ਨਵੇਂ ਪੁਲ ਦਾ ਨਿਰਮਾਣ ਕਰਨ ਵਾਲੇ ਠੇਕੇਦਾਰਾਂ ਨੇ ਕਈ ਦਿਨਾਂ ਤੋਂ ਬੰਨ੍ਹ ਲਾ ਕੇ ਬੋਹਾ ਤੇ ਇਸ ਤੋਂ ਅਗਲੇ ਨਹਿਰੀ ਪਾਣੀ ਦੀ ਸਪਲਾਈ ਰੋਕੀ ਹੋਈ ਸੀ। ਕਿਸਾਨਾਂ ਦੀ ਇਸ ਮੁਸ਼ਕਲ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਹਰਪੁਰ ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਦੀ ਅਗ਼ਵਾਈ ਹੇਠ ਕਿਸਾਨਾਂ ਨੇ ਸਬੰਧਤ ਠੇਕੇਦਾਰਾਂ ਨੂੰ ਕੁਝ ਦਿਨ ਪਹਿਲਾਂ ਨੱਕਾ ਤੋੜਨ ਦੀ ਚਿਤਾਵਨੀ ਦਿੱਤੀ ਸੀ। ਕਿਸਾਨਾਂ ਦੀ ਚਿਤਾਵਨੀ ਤੋਂ ਬਾਅਦ ਪੁਲ ਨਿਰਮਾਣ ਦੇ ਕਾਰਜ ’ਚ ਇਕ ਦਮ ਤੇਜ਼ੀ ਆ ਗਈ। ਇਸ ਸਮੇਂ ਨਹਿਰੀ ਵਿਭਾਗ ਦੇ ਐੱਸਡੀਓ ਨੇ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਨਹਿਰ ’ਚ ਪੂਰਾ ਪਾਣੀ ਛੱਡ ਦਿੱਤਾ ਜਾਵੇਗਾ। ਸ੍ਰੀ ਗੁਰਦੀਪ ਸਿੰਘ ਟੋਡਰਪੁਰ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਿਛਲੇ ਸਮੇਂ ਪਿਆ ਪਾਣੀ ਦਾ ਘਾਟਾ ਪੂਰਾ ਕਰਨ ਲਈ ਦੋ ਮਹੀਨੇ ਨਹਿਰ ਵਿਚ ਕੋਈ ਬੰਦੀ ਨਾ ਲਾਈ ਜਾਵੇ।