ਭੋਪਾਲ, 3 ਜੁਲਾਈ
ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦੀ ‘ਟਾਈਗਰ ਅਭੀ ਜ਼ਿੰਦਾ ਹੈ’ ਟਿੱਪਣੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਜੰਗਲ ਵਿੱਚ ਕੇਵਲ ਇੱਕ ਹੀ ਟਾਈਗਰ ਰਹਿੰਦਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਸਿੰਘ ਵਲੋਂ ਸਿੰਧੀਆ ’ਤੇ ਇਹ ਸ਼ਬਦੀ ਹਮਲਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਕੈਬਨਿਟ ਦਾ ਵਿਸਥਾਰ ਕਰਕੇ ਮੰਤਰੀ ਮੰਡਲ ਦਾ ਵੱਡਾ ਹਿੱਸਾ ਸਿੰਧੀਆ ਸਮਰਥਕਾਂ ਹਵਾਲੇ ਕਰਨ ਤੋਂ ਅਗਲੇ ਦਿਨ ਕੀਤਾ ਗਿਆ ਹੈ।
ਇਸ ਟਿੱਪਣੀ ਤੋਂ ਬਾਅਦ ਅੱਜ ਸਿੰਘ ਨੇ ਟਵੀਟ ਕੀਤਾ, ‘‘ਤੁਸੀਂ ਟਾਈਗਰ ਦੇ ਕਿਰਦਾਰ ਨੂੰ ਜਾਣਦੇ ਹੀ ਹੋ, ਜੰਗਲ ਵਿੱਚ ਕੇਵਲ ਇੱਕ ਟਾਈਗਰ ਰਹਿੰਦਾ ਹੈ।’’ ਇੱਕ ਹੋਰ ਟਵੀਟ ਰਾਹੀਂ ਸਿੰਘ ਨੇ ਸਿੰਧੀਆ ਨੂੰ ਜਵਾਬ ਦਿੰਦਿਆਂ ਕਿਹਾ, ‘‘ਸਮਾਂ ਬੜਾ ਬਲਵਾਨ ਹੈ। ਭਾਜਪਾ ਦਾ ਭਵਿੱਖ! ਕੌਣ ਜਾਣਦਾ ਹੈ ਇਸ ਮੰਤਰੀ ਮੰਡਲ ਦੇ ਗਠਨ ਨੇ ਭਾਜਪਾ ਦੇ ਕਿੰਨੇ ਟਾਈਗਰ ਜ਼ਿੰਦਾ ਕਰ ਦਿੱਤੇ। ਦੇਖਦੇ ਜਾਓ।’’ ਸਿੰਧੀਆ ਦੀ ਟਿੱਪਣੀ ’ਤੇ ਵੱਖਰੇ ਟਵੀਟ ਰਾਹੀਂ ਦਿਗਵਿਜੈ ਸਿੰਘ ਨੇ ਇਹ ਵੀ ਲਿਖਿਆ ਕਿ ਜਦੋਂ ਸ਼ਿਕਾਰ ’ਤੇ ਪਾਬੰਦੀ ਨਹੀਂ ਲੱਗੀ ਹੈ, ਊਦੋਂ ਮੈਂ ਅਤੇ ਸ੍ਰੀਮਾਨ ਮਾਧਵ ਰਾਓ ਸਿੰਧੀਆ ਇਕੱਠੇ ਟਾਈਗਰ ਦਾ ਸ਼ਿਕਾਰ ਕਰਨ ਲਈ ਜਾਂਦੇ ਸੀ।’’ ਉਧਰ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਨੇ ਜ਼ਿਲ੍ਹਾ ਰਤਲਾਮ ਵਿੱਚ ਇੱਕ ਸਮਾਗਮ ਮੌਕੇ ਜਯੋਤਿਰਦਿੱਤਿਆ ਸਿੰਧੀਆ ਦੀ ‘ਟਾਈਗਰ ਜ਼ਿੰਦਾ ਹੈ’ ਵਾਲੀ ਟਿੱਪਣੀ ’ਤੇ ਸਵਾਲ ਕੀਤਾ, ‘‘ਕਿਹੜਾ ਟਾਈਗਰ ਜ਼ਿੰਦਾ ਹੈ, ਕਾਗਜ਼ ਦਾ ਜਾਂ ਸਰਕਸ ਦਾ?’’ ਨਾਥ ਨੇ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਤਨਜ਼ ਕੱਸਿਆ। ਊਨ੍ਹਾਂ ਕਿਹਾ, ‘‘ਨਾ ਮੈਂ ਮਹਾਰਾਜਾ ਹਾਂ ਤੇ ਨਾ ਮਾਮਾ। ਨਾ ਹੀ ਮੈਂ ਕਦੇ ਚਾਹ ਵੇਚੀ ਹੈ, ਮੈਂ ਤਾਂ ਕੇਵਲ ਕਮਲ ਨਾਥ ਹਾਂ।’’ -ਪੀਟੀਆਈ