ਰਵਿੰਦਰ ਰਵੀ
ਬਰਨਾਲਾ, 9 ਜੂਨ
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਕੁਝ ਅਧਿਆਪਕਾਵਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਬੀਤੇ ਦਿਨੀਂ ਟੈਂਕੀ ’ਤੇ ਚੜ੍ਹਕੇ ਮੁਜ਼ਾਹਰਾ ਕੀਤਾ ਗਿਆ ਸੀ। ਅੱਜ ਬਰਨਾਲਾ ਸਕੂਲ ਤੋਂ ਇਲਾਵਾ ਬਾਕੀ ਬਰਾਂਚਾਂ ਦੀਆਂ ਬਾਕੀ ਅਧਿਆਪਕਾਵਾਂ ਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਇੱਕਸੁਰ ’ਚ ਕਿਹਾ ਕਿ ਸਕੂਲ ਦੀਆਂ ਕੁਝ ਅਧਿਆਪਕਾਵਾਂ ਵੱਲੋਂ ਪ੍ਰਿੰਸੀਪਲ ’ਤੇ ਲਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਸਕੂਲ ਦਾ ਮਾਹੌਲ ਜਾਣਬੁੱਝ ਕੇ ਖ਼ਰਾਬ ਕੀਤਾ ਜਾ ਰਿਹਾ ਹੈ।
ਮੀਡੀਆ ਦੀ ਹਾਜ਼ਰੀ ’ਚ ਅਧਿਆਪਕਾਵਾਂ ਬਲਜੀਤ ਕੌਰ ਆਸ਼ਟ, ਅਲਕਾ ਗੁਪਤਾ, ਨਛੱਤਰ ਕੌਰ, ਸ੍ਰੀਮਤੀ ਦੀਪਿਕਾ, ਪਰਮਜੀਤ ਕੌਰ, ਸਾਧਨਾ ਓਬਰਾਏ, ਮਨਜੀਤ ਕੌਰ, ਮੋਨਿਕਾ, ਨੀਰਜ ਬਾਂਸਲਅਤੇ ਨੀਨਾ ਗੁਪਤਾ ਨੇ ਕਿਹਾ ਕਿ ਕੋਵਿਡ-19 ਤਹਿਤ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਵਾਂ ਵੱਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਸੀ। ਸਕੂਲ ਦੀਆਂ ਕੁਝ ਅਧਿਆਪਕਾਵਾਂ ਵੱਲੋਂ ਆਨ ਲਾਈਨ ਪੜ੍ਹਾਈ ਠੀਕ ਤਰ੍ਹਾ ਨਾ ਕਰਵਾਏ ਜਾਣ ਅਤੇ ਮਾਪਿਆਂ ਦੀ ਸ਼ਿਕਾਇਤ ਆਉਣ ’ਤੇ ਪ੍ਰਿੰਸੀਪਲ ਸੇਵਾਮੁਕਤ ਕਰਨਲ ਸੁਮਾਂਚੀ ਸ੍ਰੀ ਨਿਵਾਸ ਨੇ ਇਨ੍ਹਾਂ ਅਧਿਆਪਕਾਵਾਂ ਦੀਆਂ ਜਮਾਤਾਂ ਦੀ ਪੜ੍ਹਾਈ ਹੋਰ ਅਧਿਆਪਕਾਂ ਨੂੰ ਦੇ ਦਿੱਤੀ ਸੀ, ਜਿਸ ’ਤੇ ਇਨ੍ਹਾਂ ਅਧਿਆਪਕਾਵਾਂ ਨੇ ਪ੍ਰਿੰਸੀਪਲ ਦੇ ਘਰ ਜਾ ਕੇ ਮਾੜਾ ਵਰਤਾਓ ਕੀਤਾ ਤੇ ਉਲਟਾ ਪ੍ਰਿੰਸੀਪਲ ਤੇ ਮਾੜਾ ਵਰਤਾਊ ਕਰਨ ਦੇ ਦੋਸ਼ ਲਾ ਦਿੱਤੇ, ਜੋ ਬਿਲਕੁਲ ਬੇਬੁਨਿਆਦ ਹਨ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜਾਂਚ ਦੌਰਾਨ ਦੋਸ਼ੀ ਮਿਲਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਡੀਐੱਸਪੀ ਬਲਜੀਤ ਸਿੰਘ ਬਰਾੜ ਕੋਲ ਸਾਰੇ ਸਬੂਤਾਂ ਸਣੇ ਬਿਆਨ ਕਲਮਬੱਧ ਕਰਵਾਏ ਗਏ ਹਨ।
ਟੈਂਕੀ ’ਤੇ ਡਟੀਆਂ ਰਹੀਆਂ ਅਧਿਆਪਕਾਵਾਂ
ਇਸ ਦੌਰਾਨ ਸਕੂਲ ਦੀਆਂ ਕੁਝ ਅਧਿਆਪਕਾਵਾਂ ਨੂੰ ਟੈਂਕੀ ’ਤੇ ਚੜ੍ਹਿਆਂ ਭਾਵੇਂ ਅੱਜ ਦੂਜਾ ਦਿਨ ਹੋ ਗਿਆ ਹੈ, ਪਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਨਾ ਤਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੇ ਨਾ ਹੀ ਸਕੂਲ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਅਧਿਆਪਕਾਵਾਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਪ੍ਰਦਰਸ਼ਨ ਟੈਂਕੀ ’ਤੇ ਹੀ ਜਾਰੀ ਰਹੇਗਾ। ਇਨ੍ਹਾਂ ਅਧਿਆਪਕਾਵਾਂ ਦੀ ਮਦਦ ’ਤੇ ਆਏ ਮਹਿੰਦਰ ਧਨੌਲਾ ਨੇ ਦੱਸਿਆ ਕਿ ਟੈਂਕੀ ’ਤੇ ਬੈਠੀਆਂ ਅਧਿਆਪਕਾਵਾਂ ‘ਚ ਸੀਮਾ ਰਾਣੀ ਦੀ ਤਬੀਅਤ ਖ਼ਰਾਬ ਹੋ ਗਈ ਸੀ, ਪਰ ਹੁਣ ਉਹ ਬਿਲਕੁਲ ਠੀਕ ਹੈ।