ਲਖਵਿੰਦਰ ਸਿੰਘ
ਮਲੋਟ, 9 ਜੂਨ
ਥਾਣਾ ਸਿਟੀ ਮਲੋਟ ਪੁਲੀਸ ਵੱਲੋਂ ਕਾਬੂ ਕੀਤੇ ਗਏ ਇੱਕ ਕਥਿਤ ਚੋਰ ਨੂੰ ਬਿਨਾਂ ਕਿਸੇ ਜਾਂਚ ਤੋਂ ਫਾਰਗ ਕਰ ਦੇਣ ਤੇ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਇੱਕ ਦੁਕਾਨਦਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਸ਼ਿਕਾਇਤਕਰਤਾ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਮੇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸਥਾਨਕ ਪੁਲੀਸ ਦੀ ਇਸ ਇੱਕਪਾਸੜ ਕਾਰਵਾਈ ਬਾਰੇ ਜਾਣੂ ਕਰਵਾਇਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਸਦੀ ਕਰਿਆਨੇ ਦੀ ਦੁਕਾਨ ’ਤੇ ਚੋਰਾਂ ਨੇ ਪਾੜ ਲਾ ਕੇ ਚੋਰੀ ਕੀਤੀ ਸੀ, ਜਿਸ ਦੀ ਸ਼ਿਕਾਇਤ ਸਮੇਤ ਸੀਸੀਟੀਵੀ ਦੀ ਫੁਟੇਜ ਉਸ ਨੇ ਸਿਟੀ ਪੁਲੀਸ ਨੂੰ ਦਿੱਤੀ ਸੀ ਪਰ ਸਿਟੀ ਪੁਲੀਸ ਨੇ ਕੁਝ ਹੀ ਮਿੰਟਾਂ ਵਿੱਚ ਉਸ ਕਥਿਤ ਚੋਰ ਨੂੰ ਕਲੀਨ ਚਿੱਟ ਦਿੰਦਿਆਂ ਫਾਰਗ ਕਰ ਦਿੱਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਉਨ੍ਹਾਂ ਦੇ ਨੇੜੇ ਹੀ ਰਹਿੰਦਾ ਹੈ, ਜਿਸ ਦੀ ਗਵਾਹੀ ਸਾਰਾ ਮੁਹੱਲਾ ਦੇ ਰਿਹਾ ਹੈ, ਪਰ ਪੁਲੀਸ ਨੇ ਮੁਹੱਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਦੀ ਬਜਾਇ ਸਿਫਾਰਸ਼ ਦੇ ਚੱਲਦਿਆਂ ਛੱਡ ਦਿੱਤਾ ਅਤੇ ਜਦੋਂ ਉਹ ਮੁੜ ਥਾਣੇ ’ਚ ਆਪਣੀ ਫਰਿਆਦ ਲੈ ਕੇ ਗਏ ਤਾਂ ਸੰਤਰੀ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਦਾਨੇਵਾਲਾ ਚੌਕ ਨੇੜੇ ਕਰੀਬ ਅੱਧੀ ਦਰਜਨ ਦੁਕਾਨਾਂ ’ਚ ਪਾੜ ਲਾ ਕੇ ਚੋਰੀਆਂ ਹੋ ਚੁੱਕੀਆਂ ਹਨ ਅਤੇ ਅੱਧੀ ਦਰਜਨ ਵਾਹਨ ਅਤੇ ਬੈਟਰੇ ਚੋਰੀ ਹੋ ਚੁੱਕੇ ਹਨ, ਪਰ ਪੁਲੀਸ ਅਜੇ ਤੱਕ ਇੱਕ ਵੀ ਚੋਰੀ ਰਿਕਵਰ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਪੁਲੀਸ ਚੋਰਾਂ ਦੀ ਪੈੜ ਨੱਪਣ ਦੀ ਬਜਾਇ ਸਹੁੰ ਦੇ ਆਧਾਰ ’ਤੇ ਚੋਰਾਂ ਨੂੰ ਫਾਰਗ ਕਰ ਰਹੀ ਹੈ।
ਥਾਣਾ ਮੁਖੀ ਨੇ ਮੁੜ ਜਾਂਚ ਦਾ ਭਰੋਸਾ ਦਿੱਤਾ
ਤਫ਼ਤੀਸ਼ੀ ਅਫ਼ਸਰ ਥਾਣੇਦਾਰ ਕਰਨੈਲ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਚੋਰ ਨੇ ਆਪਣੀ ਸਹੁੰ ਦੇਣ ਦੀ ਗੱਲ ਕਹੀ ਸੀ ਤੇ ਹਰ ਬੰਦਾ ਸਹੁੰ ਨਹੀਂ ਦੇ ਸਕਦਾ, ਜਿਸ ਕਰਕੇ ਉਨ੍ਹਾਂ ਉਸਨੂੰ ਛੱਡ ਦਿੱਤਾ ਗਿਆ। ਥਾਣਾ ਮੁਖੀ ਕਰਨਬੀਰ ਸਿੰਘ ਨੇ ਪੀੜਤ ਪਰਿਵਾਰ ਨੂੰ ਮੁੜ ਜਾਂਚ ਦਾ ਭਰੋਸਾ ਦਿਵਾਇਆ।
ਦੋ ਕਿਸਾਨਾਂ ਦੇ ਘਰੋਂ ਸੋਨਾ ਅਤੇ ਨਗਦੀ ਚੋਰੀ
ਭਦੌੜ (ਰਾਜਿੰਦਰ ਵਰਮਾ): ਕਸਬਾ ਭਦੌੜ ਵਿੱਚ ਬੀਤੀ ਰਾਤ ਦੋ ਘਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਏਐੱਸਆਈ ਟੇਕ ਚੰਦ ਨੇ ਦੱਸਿਆ ਕਿ ਕਿਸਾਨ ਕੇਵਲ ਸਿੰਘ ਵਾਸੀ ਕੋਠੇ ਖਿਉਣ ਸਿੰਘ ਛੰਨਾਂ ਰੋਡ ਨੇ ਦੱਸਿਆ ਕਿ ਬੀਤੀ ਰਾਤ ਉਹ ਪਰਿਵਾਰ ਸਮੇਤ ਆਪਣੇ ਘਰ ਦੇ ਵੇਹੜੇ ਵਿਚ ਸੁੱਤੇ ਪਏ ਸਨ। ਜਦੋਂ ਉਹ ਸਵੇਰੇ ਉੱਠੇ ਤਾਂ ਘਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਸਾਮਾਨ ਖਿਲਰਿਆ ਪਿਆ ਸੀ ਤੇ ਵੇਚੇ ਟਰੈਕਟਰ ਦੀ ਰਾਸ਼ੀ- ਇੱਕ ਲੱਖ 43 ਹਜ਼ਾਰ ਕਿੱਟ ਸਮੇਤ ਅਤੇ ਇੱਕ ਸੋਨੇ ਦੀ ਛਾਪ, ਟੌਪਸ ਅਤੇ ਚਾਂਦੀ ਦੀਆਂ ਝਾਂਜਰਾਂ ਗਾਇਬ ਸਨ। ਇਸੇ ਤਰ੍ਹਾਂ ਗੁਆਂਢੀ ਮਹਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਘਰੋਂ ਪੰਜ ਤੋਲੇ ਸੋਨਾ ਅਤੇ ਦੋ ਤੋਲੇ ਚਾਂਦੀ ਝਾਂਜਰਾਂ ਚੋਰੀ ਹੋ ਗਈਆਂ ਹਨ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।