ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜੂਨ
ਪਿੰਡ ਟਹਿਣਾ ਵਿੱਚ ਇੰਡੋਸਇੰਡ ਬੈਂਕ ਵਿੱਚ ਬੀਤੀ 4 ਜੂਨ ਨੂੰ 3.43 ਲੱਖ ਦੀ ਡਕੈਤੀ ਕਰਨ ਵਾਲਾ ਗਰੋਹ ਮੋਗਾ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਨੇ ਲੁੱਟੀ ਰਕਮ ’ਚੋਂ 50 ਹਜ਼ਾਰ ਰੁਪਏ ਨਕਦੀ ਅਤੇ ਵਾਰਦਾਤ ਲਈ ਵਰਤੀ ਹੌਂਡਾ ਸਿਟੀ ਕਾਰ ਵੀ ਬਰਾਮਦ ਕਰ ਲਈ ਹੈ।
ਇੱਥੇ ਮੀਡੀਆ ਕਾਨਫਰੰਸ ਵਿੱਚ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ, ਹਰਿੰਦਰਪਾਲ ਸਿੰਘ ਪਰਮਾਰ ਐੱਸਪੀ (ਆਈ) ਸੁਬੇਗ ਸਿੰਘ ਡੀਐੱਸਪੀ, ਧਰਮਕੋਟ ਅਤੇ ਜੰਗਜੀਤ ਸਿੰਘ ਰੰਧਾਵਾਂ ਡੀਐੱਸਪੀ (ਡੀ) ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਮੁਖੀ ਜਸਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੋਟ ਈਸੇ ਖਾਂ ਦੀ ਸ਼ਮਸ਼ਾਨਘਾਟ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗਰੋਹ ਡਕੈਤੀ ਦੀ ਯੋਜਨਾ ਘੜ ਰਿਹਾ ਹੈ। ਇਸ ਗਰੋਹ ਨੇ ਹੀ ਬੀਤੀ 4 ਜੂਨ ਨੂੰ ਪਿੰਡ ਟਹਿਣਾ ਵਿੱਚ ਇੰਡੋਸਇੰਡ ਬੈਂਕ ਵਿੱਚ ਡਕੈਤੀ ਕੀਤੀ ਸੀ ਅਤੇ ਗਰੋਹ ਕੋਲ ਬੈਂਕ ਡਕੈਤੀ ਵਿੱਚ ਵਰਤੀ ਗਈ ਕਾਰ ਹੌਂਡਾ ਸਿਟੀ ਨੰਬਰੀ ਪੀਬੀ 29-ਈ-5344 ਵੀ ਹੈ।
ਇਸ ਸੂਚਨਾ ਉੱਤੇ ਛਾਪਾ ਮਾਰ ਕੇ ਗਰੋਹ ਦੇ 8 ਮੈਂਬਰਾਂ ਵਿੱਚੋਂ ਪੰਜ ਮੈਂਬਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ। ਗ੍ਰਿਫ਼ਤਾਰ ਗਰੋਹ ਮੈਂਬਰਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛਗਿੱਛ ਲਈ 6 ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਗੁਰਵਿੰਦਰ ਸਿੰਘ ਉਰਫ ਗੋਵਿੰਦਾ ਪਿੰਡ ਭਿੰਡਰਕਲਾਂ ਨੂੰ 12 ਬੋਰ ਦੇਸੀ ਰਿਵਾਲਵਰ, ਦਰਸ਼ਨ ਸਿੰਘ ਅਤੇ ਬੱਬੂ ਦੋਵੇਂ ਪਿੰਡ ਜੀਂਦੜਾ, ਕਮਲਦੀਪ ਸਿੰਘ ਉਰਫ ਕਮਲ ਵਾਸੀ ਕੋਠੇ ਰਾਜੇ ਜੰਗ ਨੇੜੇ ਨਵਾਂ ਬਾਈਪਾਸ ਮੋਗਾ ਰੋਡ ਕੋਟਕਪੂਰਾ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਪੰਜਵਾਂ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਹੈਪੀ ਜੋ ਖਾਲੀ ਹੱਥ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਲਵਿੰਦਰ ਸਿੰਘ ਉਰਫ਼ ਘੈਂਟੀ ਪਿੰਡ ਬਾਜੇਕੇ, ਕੁਲਵਿੰਦਰ ਸਿੰਘ ਉਰਫ਼ ਕਿੰਦਾ ਪਿੰਡ ਕੋਟ ਸਦਰ ਖਾਂ ਅਤੇ ਫੋਲਾ ਸਿੰਘ ਵਾਸੀ ਤਿਹਾੜਾ ਫ਼ਰਾਰ ਹੋ ਗਏ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।