ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੂਨ
ਮਾਨਸਾ ਸ਼ਹਿਰ ਦੇ ਵਾਰਡ ਨੰਬਰ 7, 8 ਅਤੇ 9 ਵਿੱਚ ਸੀਵਰੇਜ ਦੀ ਸਮੱਸਿਆ ਅਸਤ-ਵਿਅਸਤ ਹੋ ਚੁੱਕੀ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਵਾਰਡ ਵਾਸੀਆਂ ਨੇ ਅੱਜ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਸਮੱਸਿਆ ਦੇ ਹੱਲ ਲਈ ਅੱਜ ਇਨ੍ਹਾਂ ਵਾਰਡਾਂ ਦੇ ਲੋਕਾਂ ਵੱਲੋਂ ਮਾਨਸਾ ਦੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੂੰ ਮੌਕਾ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਯਤਨ ਕਰਨ ਲਈ ਕਿਹਾ ਗਿਆ। ਇਸ ’ਤੇ ਗੁਰਲਾਭ ਸਿੰਘ ਮਾਹਲ ਨੇ ਮਾਨਸਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਜੇ ਪਾਣੀ ਦੀ ਨਿਕਾਸੀ ਨਾ ਕਰਵਾਈ ਗਈ ਅਤੇ ਨਵਾਂ ਸੀਵਰੇਜ ਨਾ ਪਾਇਆ ਗਿਆ ਤਾਂ ਉਹ ਇਨ੍ਹਾਂ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਖਿਲਾਫ਼ ਧਰਨਾ ਲਗਾਉਣਗੇ।
ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਮਾਨਸਾ ਸ਼ਹਿਰ ਦੇ ਸੀਵਰੇਜ ਸਮੱਸਿਆ ਦੇ ਹੱਲ ਲਈ ਮਾਨਸਾ ਰੇਲਵੇ ਲਾਈਨ ਦੇ ਅੰਡਰਬ੍ਰਿਜ ਨੇੜੇ ਚੈਂਬਰ ਬਨਾਉਣ ਸਬੰਧੀ ਪ੍ਰਸਤਾਵ ਉੱਤਰੀ ਰੇਲਵੇ ਤੋਂ ਪਾਸ ਕਰਵਾ ਕੇ ਦਿੱਤਾ ਹੋਇਆ ਹੈ। ਇਸ ਚੈਂਬਰ ਨੂੰ ਬਣਾਉਣ ਸਬੰਧੀ ਨਗਰ ਕੌਂਸਲ ਮਾਨਸਾ ਵੱਲੋਂ ਲੋੜੀਂਦੇ ਪੈਸੇ ਭਰੇ ਜਾਣੇ ਸਨ, ਪਰ ਨਗਰ ਕੌਂਸਲ ਮਾਨਸਾ ਵੱਲੋਂ ਉਪਰੋਕਤ ਰਕਮ 4 ਲੱਖ 75 ਹਜ਼ਾਰ ਰੁਪਏ ਨਹੀਂ ਭਰੇ ਗਏ, ਜਿਸ ਕਾਰਨ ਮਾਨਸਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਇਸ ਮੌਕੇ ਵਿੱਕੀ ਰਾਣਾ, ਰਾਮ ਸਿੰਘ, ਰਮਨਦੀਪ ਸਿੰਘ, ਹਰੀਸ਼ ਬਾਂਸਲ, ਅਮਨਦੀਪ ਕਾਲਾ, ਪਰਮਦੀਪ ਸਿੰਘ, ਵਰਿੰਦਰ ਯਾਦਵ, ਸੂਬਾ ਚੱਕੀ ਵਾਲਾ, ਗੁਰਦੀਪ ਸਿੰਘ ਖਿੱਪਲ, ਗੁਰਪ੍ਰੀਤ ਸਿੰਘ ਲਾਲੀ ਅਤੇ ਸੱਤਪਾਲ ਸਿੰਘ ਵੀ ਹਾਜ਼ਰ ਸਨ।