ਪਰਮਜੀਤ ਸਿੰਘ
ਫਾਜ਼ਿਲਕਾ, 9, ਜੂਨ
ਪਹਿਲਾਂ ਵੀ ਕਈ ਵਾਰੀ ਸੁਵਿਧਾ ਕੇਂਦਰ ਫਾਜ਼ਿਲਕਾ ਤੋਂ ਲੋਕਾਂ ਨੂੰ ਸਮੇਂ ’ਤੇ ਕੋਈ ਸੁਵਿਧਾ ਨਾ ਮਿਲਣ ਕਰਕੇ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਸੀ ਅਤੇ ਤਾਲਾਬੰਦੀ ਦੌਰਾਨ ਦੁਬਾਰਾ ਖੁੱਲ੍ਹਣ ਤੋਂ ਬਾਅਦ ਤਾਂ ਇਹ ਆਮ ਲੋਕਾਂ ਲਈ ਦੁਵਿਧਾ ਕੇਂਦਰ ਹੀ ਬਣ ਕੇ ਰਹਿ ਗਿਆ ਹੈ। ਇੱਥੇ ਆਪਣੇ ਕੰਮ ਕਰਾਉਣ ਲਈ ਆਮ ਲੋਕਾਂ ਵੱਲੋਂ ਉਨ੍ਹਾਂ ਦੇ ਕੰਮ ਸਮੇਂ ’ਤੇ ਨਾ ਹੋਣ ਕਾਰਨ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਬਾਰੇ ਸਤਨਾਮ ਸਿੰਘ ਨਿਵਾਸੀ ਮੰਮੂ ਖੇੜਾ, ਦੀਵਾਨ ਸਿੰਘ ਚੁਵਾੜੀਆਂ ਵਾਲੀ, ਭਰਪੂਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਦੇ ਸੁਵਿਧਾ ਕੇਂਦਰ ਫਾਜ਼ਿਲਕਾ ਵਿੱਚ ਆਏ ਹਨ ਤੇ ਉਨ੍ਹਾਂ ਨੂੰ ਦਫ਼ਤਰ ਕਰਮਚਾਰੀਆਂ ਵੱਲੋਂ ਟੋਕਨ ਸਿਸਟਮ ਅਨੁਸਾਰ ਇਕ ਟੋਕਨ ਵੀ ਦਿੱਤਾ ਗਿਆ ਹੈ ਪਰ ਫਿਰ ਵੀ ਉਹ ਸਵੇਰ ਦੇ ਕਈ ਘੰਟਿਆਂ ਤੋਂ ਸੁਵਿਧਾ ਕੇਂਦਰ ਦੇ ਬਾਹਰ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਉਹ ਧੁੱਪ ਵਿੱਚ ਬਾਹਰ ਖੜੇ ਹਨ, ਜਦਕਿ ਸਟਾਫ ਕਰਮਚਾਰੀਆਂ ਵੱਲੋਂ ਕੁਝ ਨੂੰ ਬਿਨਾਂ ਕਿਸੇ ਟੋਕਨ ਦੇ ਹੀ ਅੰਦਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਇੱਥੇ ਆਉਂਦੇ ਹਨ ਉਨ੍ਹਾਂ ਨੂੰ ਸਬੰਧਿਤ ਸਟਾਫ਼ ਵੱਲੋਂ ਇਸੇ ਤਰ੍ਹਾਂ ਹੀ ਖੱਜਲ ਕੀਤਾ ਜਾਂਦਾ ਹੈ।
ਸਥਿਤੀ ਦਾ ਲਵਾਂਗੇ ਜਾਇਜ਼ਾ: ਐੱਸਡੀਐੱਮ
ਇਸ ਬਾਰੇ ਐੱਸਡੀਐੱਮ ਫਾਜ਼ਿਲਕਾ ਕੇਸ਼ਵ ਗੋਇਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉਹ ਖੁਦ ਜਾ ਕੇ ਸੁਵਿਧਾ ਕੇਂਦਰ ਫਾਜ਼ਿਲਕਾ ਦਾ ਦੌਰਾ ਕਰਨਗੇ ਅਤੇ ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਇਆ ਜਾਵੇਗਾ।