ਖੇਤਰੀ ਪ੍ਰਤੀਨਿਧ
ਪਟਿਆਲਾ, 14 ਜੁਲਾਈ
ਡੀ.ਐੱਮ ਡਬਲਿਊ ਨੇੜਲੇ ਪੁਲ਼ ਦੇ ਹੇਠਾਂ ਸਥਿਤ ਰੇਹੜੀਆਂ ਅਤੇ ਖੋਖੇ ਲਾਉਣ ਤੋ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਗਰ ਨਿਗਮ ਦੇ ਨਾਮ ’ਤੇ ਪੈਸੇ ਮੰਗਣ ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੀ ਕਾਰਵਾਈ ਦੇ ਖ਼ਿਲਾਫ਼ ਇਨ੍ਹਾਂ ਰੇਹੜੀ ਤੇ ਖੋਖੇ ਵਾਲ਼ਿਆਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਅਮਨ ਨਗਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਬੁੱਟਰ, ਅਜੇ ਅਤੇ ਪਾਂਡੇ ਨੇ ਦੱਸਿਆ ਕਿ ਇੱਕ ਵਿਅਕਤੀ ਨਿਗਮ ਦੇ ਨਾਮ ’ਤੇ ਉਨ੍ਹਾਂ ਤੋ ਡਰਾ ਧਮਕਾ ਕੇ ਪੈਸੇ ਇਕੱਠੇ ਕਰਦਾ ਹੈ। ਪੈਸੇ ਨਾ ਦੇਣ ਦੀ ਸੂਰਤ ’ਚ ਇਨ੍ਹਾਂ ਗਰੀਬਾਂ ਦੀਆਂ ਝੂਠੀਆਂ ਸ਼ਿਕਾਇਤ ਕਰਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਣ ਪੀਣ ਦੀਆਂ ਵਸਤਾਂ, ਸਬਜ਼ੀਆਂ, ਫਰੂਟ ਅਤੇ ਦੁੱਧ ਵਗੈਰਾ ਨੂੰ ਵੇਚਣ ਦੀ ਛੂਟ ਦਿੱਤੀ ਹੋਈ ਹੈ ਪਰ ਇਹ ਸ਼ਰਾਰਤੀ ਅਨਸਰ ਗਰੀਬਾਂ ਤੋਂ ਪੈਸੇ ਠੱਗ ਰਹੇ ਹਨ। ਜਿਸ ’ਤੇ ਰੋਸ ਪ੍ਰਦਰਸ਼ਨ ਕਰਦਿਆਂ, ਉਨ੍ਹਾਂ ਨੇ ਅਜਿਹਾ ਅਨਸਰਾਂ ਨੂੰ ਨੱਥ ਪਾਓਣ ਦੀ ਮੰਗ ਕੀਤੀ। ਇਸ ਮੌਕੇ ਲਖਵੀਰ ਸਿੰਘ ਲੱਖਾ, ਸਰਬਜੀਤ ਕੌਰ, ਆਦਿ ਵੀ ਮੌਜੂਦ ਸਨ।