ਸੁਰਿੰਦਰ ਸਿੰਘ ਤੇਜ
ਕਸ਼ਮੀਰ ਨੂੰ ਲੈ ਕੇ ਪਹਿਲੀ ਭਾਰਤ-ਪਾਕਿਸਤਾਨ ਜੰਗ 22 ਅਕਤੂਬਰ 1947 ਤੋਂ 5 ਜਨਵਰੀ 1949 ਤੱਕ ਚੱਲਦੀ ਰਹੀ। ਇਹ ਜੰਮੂ ਕਸ਼ਮੀਰ ਦੀਆਂ ਹੱਦਾਂ ਤਕ ਹੀ ਸੀਮਤ ਰਹੀ। ਬਾਕੀ ਸਰਹੱਦਾਂ ਤਕ ਨਹੀਂ ਫੈਲੀ। ਦਰਅਸਲ, ਦੋਵਾਂ ਮੁਲਕਾਂ ਕੋਲ ਨਾ ਸਾਰੀਆਂ ਸਰਹੱਦਾਂ ’ਤੇ ਜੰਗ ਲੜਨ ਦੇ ਸਾਧਨ ਸਨ ਅਤੇ ਨਾ ਹੀ ਜਿਗਰਾ। ਬਟਵਾਰੇ ਨੇ ਆਰਥਿਕ, ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸਭ ਤੋਂ ਵੱਧ ਮਾਨਵੀ ਸਮੱਸਿਆਵਾਂ ਹੀ ਏਨੀਆਂ ਜ਼ਿਆਦਾ ਪੈਦਾ ਕਰ ਦਿੱਤੀਆਂ ਸਨ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਉਨ੍ਹਾਂ ਦਾ ਹੱਲ ਲੱਭਣ ਲਈ ਵੱਧ ਮਸਰੂਫ਼ ਸਨ। ਇਸੇ ਲਈ ਜੰਗ ਦੌਰਾਨ ਵੀ ਦੋਵਾਂ ਮੁਲਕਾਂ ਦਰਮਿਆਨ ਵੱਖ ਵੱਖ ਵਿਸ਼ਿਆਂ ’ਤੇ ਗੱਲਬਾਤ ਦਾ ਅਮਲ ਜਾਰੀ ਰਿਹਾ। ਸ਼ਰਨਾਰਥੀਆਂ ਦੇ ਪੁਨਰਵਾਸ, ਉਨ੍ਹਾਂ ਦੀ ਜਾਇਦਾਦ ਦੇ ਤਬਾਦਲੇ, ਘੱਟਗਿਣਤੀ ਫ਼ਿਰਕਿਆਂ ਦੇ ਮੈਂਬਰਾਂ ਦੀ ਰਾਖੀ, ਵਿਛੜੀਆਂ ਧੀਆਂ-ਭੈਣਾਂ ਜਾਂ ਹੋਰ ਪਰਿਵਾਰਕ ਜੀਆਂ ਦੀ ਵਾਪਸੀ ਅਤੇ ਅਜਿਹੇ ਹੋਰ ਇਨਸਾਨੀ ਮਸਲਿਆਂ ਬਾਰੇ ਸੰਧੀਆਂ-ਸਮਝੌਤਿਆਂ ਦੀ ਰੂਪ-ਰੇਖਾ ਵੀ ਇਨ੍ਹਾਂ ਦਿਨਾਂ ਦੌਰਾਨ ਤੈਅ ਹੋਈ। ਪਾਕਿਸਤਾਨ ਕੋਲ ਉਸ ਸਮੇਂ ਨਾ ਆਪਣੀ ਕਰੰਸੀ ਸੀ ਅਤੇ ਨਾ ਹੀ ਡਾਕ ਟਿਕਟਾਂ ਤੇ ਅਸ਼ਟਾਮ। ਇਨ੍ਹਾਂ ਨੂੰ ਤਿਆਰ ਕਰਨ ਵਾਲੇ ਟਕਸਾਲ ਤੇ ਛਾਪੇਖਾਨੇ ਭਾਰਤ ਵਿਚ ਸਨ। ਲਿਹਾਜ਼ਾ, 1950 ਤਕ ਪਾਕਿਸਤਾਨ ਵਿਚ ਕਰੰਸੀ ਵੀ ਭਾਰਤੀ ਚਲਦੀ ਰਹੀ ਅਤੇ ਡਾਕ ਟਿਕਟਾਂ ਵੀ। ਅਸ਼ਟਾਮ ਪੇਪਰ ਤਾਂ 1953 ਤਕ ਭਾਰਤੀ ਰਾਸ਼ਟਰੀ ਚਿੰਨ੍ਹਾਂ ਵਾਲੇ ਰਹੇ। ਬਸ ਉਨ੍ਹਾਂ ਉਪਰ ਕਾਲੀ ਸਿਆਹੀ ਵਾਲੀ ਇਕ ਸਤਰ ਛਪੀ ਹੁੰਦੀ ਸੀ: ‘ਪਾਕਿਸਤਾਨ ਵਿਚ ਵਰਤੋਂ ਲਈ’।
ਕਸ਼ਮੀਰ ਵਿਚ ਜੰਗ ਚਲਦੀ ਹੋਣ ਦੇ ਬਾਵਜੂਦ ਭਾਰਤ ਨੇ ਪਾਕਿਸਤਾਨ ਨੂੰ 55 ਕਰੋੜ ਰੁਪਏ ਦੀ ਰਕਮ ਤਾਰੀ। ਪੰਡਿਤ ਜਵਾਹਰਲਾਲ ਨਹਿਰੂ ਦੀ ਸਰਕਾਰ ਇਹ ਰਕਮ ਅਦਾ ਕਰਨ ਤੋਂ ਝਿਜਕਦੀ ਆ ਰਹੀ ਸੀ, ਪਰ 13 ਜਨਵਰੀ 1948 ਨੂੰ ਮਹਾਤਮਾ ਗਾਂਧੀ ਨੇ ਪਾਕਿਸਤਾਨ ਨਾਲ ‘ਵਾਅਦਾਖਿਲਾਫ਼ੀ’ ਰੁਕਵਾਉਣ ਲਈ ਵਰਤ ਸ਼ੁਰੂ ਕਰ ਦਿੱਤਾ। ਛੇ ਦਿਨਾਂ ਬਾਅਦ ਨਹਿਰੂ ਸਰਕਾਰ ਨੂੰ ਝੁਕਣਾ ਪਿਆ। 55 ਕਰੋੜ ਰੁਪਏ ਦੀ ਰਕਮ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਸਾਸਿਆਂ ਦੀ ਵੰਡ ਅਧੀਨ ਪਾਕਿਸਤਾਨ ਨੂੰ ਅਦਾ ਕੀਤੀ ਜਾਣ ਵਾਲੇ 75 ਕਰੋੜ ਰੁਪਏ ਦੀ ਦੂਜੀ ਤੇ ਤੀਜੀ ਕਿਸ਼ਤ ਦੇ ਰੂਪ ਵਿਚ ਸੀ। ਪਹਿਲੀ ਕਿਸ਼ਤ (20 ਕਰੋੜ) 14 ਅਗਸਤ 1947 ਨੂੰ ਅਦਾ ਕਰ ਦਿੱਤੀ ਗਈ ਸੀ। ਪਰ ਅਗਲੀਆਂ ਦੋ ਕਿਸ਼ਤਾਂ ਦੀ ਅਦਾਇਗੀ ਕਸ਼ਮੀਰ ਉੱਤੇ ਹਮਲਾਵਰ ਮੁਲਕ ਨੂੰ ਜੰਗੀ ਸਾਜ਼ੋ-ਸਾਮਾਨ ਵਾਸਤੇ ਮਾਇਕ ਖੇਪ ਦੇਣ ਵਾਂਗ ਸੀ। ਇਸ ਲਈ ਜੋ ਅਦਾਇਗੀ ਅਗਲੇ ਦੋ ਮਹੀਨਿਆਂ ਅੰਦਰ ਕੀਤੀ ਜਾਣੀ ਚਾਹੀਦੀ ਸੀ, ਉਹ ਜਾਣ-ਬੁੱਝ ਕੇ ਲਟਕਾ ਦਿੱਤੀ ਗਈ। ਮਹਾਤਮਾ ਨੇ ਇਸ ਦੇਰੀ ਨੂੰ ਬਦਇਖ਼ਲਾਕੀ ਦੱਸਿਆ ਅਤੇ ਇਸ ਦੇ ਖ਼ਿਲਾਫ਼ ਡਟ ਗਿਆ।
ਅਜਿਹੇ ਹੀ ਦੌਰ ਦੌਰਾਨ ਪਹਿਲੀ ਅਪਰੈਲ 1948 ਨੂੰ ਚੜ੍ਹਦੇ (ਭਾਰਤੀ) ਪੰਜਾਬ ਦੇ ਪ੍ਰੀਮੀਅਰ (ਉਦੋਂ ‘ਮੁੱਖ ਮੰਤਰੀ’ ਵਾਲਾ ਰੁਤਬਾ ਵਜੂਦ ’ਚ ਨਹੀਂ ਸੀ ਆਇਆ) ਗੋਪੀ ਚੰਦ ਭਾਰਗਵ ਨੇ ਲਹਿੰਦੇ (ਪਾਕਿਸਤਾਨੀ) ਪੰਜਾਬ ਨੂੰ ਨਹਿਰੀ ਪਾਣੀਆਂ ਦੀ ਸਪਲਾਈ ਬੰਦ ਕਰ ਦਿੱਤੀ। ਇਹ ਕਾਰਵਾਈ ਇਸ ਆਧਾਰ ’ਤੇ ਕੀਤੀ ਗਈ ਕਿ 31 ਮਾਰਚ 1948 ਤੋਂ ਬਾਅਦ ਪਾਕਿਸਤਾਨ ਨੂੰ ਪਾਣੀ ਦੇਣ ਬਾਰੇ ਕੋਈ ਸਮਝੌਤਾ ਹੋਂਦ ਵਿਚ ਨਹੀਂ ਸੀ ਆਇਆ। ਕੇਂਦਰੀ ਸਰਕਾਰ ਦੇ ਦਖ਼ਲ ਮਗਰੋਂ ਭਾਰਗਵ ਨਹਿਰੀ ਪਾਣੀ ਛੱਡਣ ਬਾਰੇ ਰਾਜ਼ੀ ਜ਼ਰੂਰ ਹੋਇਆ, ਪਰ ਇਸ ਬਦਲੇ ਆਬਿਆਨੇ ਦੇ ਵਸੂਲੀ ਯਕੀਨੀ ਬਣਾ ਕੇ। ਇਸ ਘਟਨਾਕ੍ਰਮ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ 1960 ਵਿਚ ਸਿਰੇ ਚੜ੍ਹੇ ਸਿੰਧੂ ਜਲ ਸਮਝੌਤੇ ਦਾ ਮੁੱਢ ਬੰਨ੍ਹਿਆ। ਇਹ ਵੱਖਰੀ ਗੱਲ ਹੈ ਕਿ ਉਸ ਸਮਝੌਤੇ ਰਾਹੀਂ ਜਿੱਥੇ ਪਾਕਿਸਤਾਨ ਨੂੰ ਤਿੰਨ ਹਿਮਾਲਿਆਈ ਦਰਿਆਵਾਂ (ਸਿੰਧ, ਜੇਹਲਮ ਤੇ ਚਨਾਬ) ਦੇ ਪਾਣੀਆਂ ਉਪਰ ਮਾਲਕੀ ਹੱਕ ਹਾਸਲ ਹੋਏ, ਉੱਥੇ ਪਾਕਿਸਤਾਨੀ ਪੰਜਾਬ ਵਿਚ ਨਵਾਂ ਨਹਿਰੀ ਪ੍ਰਬੰਧ ਤਿਆਰ ਕਰਨ ਲਈ ਭਾਰਤ ਨੇ ਪਾਕਿਸਤਾਨ ਨੂੰ 6.20 ਕਰੋੜ ਪੌਂਡ (ਜੋ ਕਿ ਉਨ੍ਹੀਂ ਦਿਨੀਂ ਕਾਫ਼ੀ ਵੱਡੀ ਰਕਮ ਸੀ) ਵੀ ਅਦਾ ਕੀਤੇ।
ਅਜਿਹੇ ਦਰਜਨਾਂ ਜਾਣੇ-ਅਣਜਾਣੇ ਤੱਥਾਂ ਦਾ ਸੰਗ੍ਰਹਿ ਹੈ ਸਾਬਕਾ ਵਿਦੇਸ਼ ਸਕੱਤਰ ਟੀ.ਸੀ.ਏ. ਰਾਘਵਨ ਦੀ ਕਿਤਾਬ ‘ਦਿ ਪੀਪਲ ਨੈਕਸਟ ਡੋਰ’ (ਹਾਰਪਰ ਕੌਲਿਨਜ਼; 699 ਰੁੁਪਏ)। ਇਹ ਕਿਤਾਬ 2018 ਵਿਚ ਛਪੀ ਸੀ। ਉਸ ਵਰ੍ਹੇ ਪਾਕਿਸਤਾਨ ਬਾਰੇ ਕਿਤਾਬਾਂ ਵੱਡੀ ਤਾਦਾਦ ਵਿਚ ਆਈਆਂ ਸਨ। ਇਸੇ ਲਈ ਰਾਘਵਨ ਦੀ ਕਿਤਾਬ ਭੀੜ ’ਚ ਗੁਆਚ ਕੇ ਰਹਿ ਗਈ। ਖੋਜਕਾਰੀ ਤੇ ਨਿਰਪੱਖਤਾ ਦਾ ਨਮੂਨਾ ਹੈ ਇਹ ਕਿਤਾਬ। ਇਤਿਹਾਸ ਦਾ ਖੋਜਾਰਥੀ ਹੈ ਰਾਘਵਨ। ਇਸ ਮੁਹਾਰਤ ਅਤੇ ਭਾਰਤੀ ਵਿਦੇਸ਼ ਸੇਵਾ ਵਿਚ ਬਿਤਾਏ 34 ਵਰ੍ਹਿਆਂ ਦੇ ਤਜਰਬੇ ਦੀ ਬਦੌਲਤ ਉਸ ਨੇ ਭਾਰਤ-ਪਾਕਿ ਸਬੰਧਾਂ ਦੀਆਂ ਪੇਚੀਦਗੀਆਂ ਤੇ ਗੁੰਝਲਾਂ ਦਾ ਇਤਿਹਾਸ ਬਾਖ਼ੂਬੀ ਪੇਸ਼ ਕੀਤਾ ਹੈ। ਕਿਤਾਬ ਦਰਸਾਉਂਦੀ ਹੈ ਕਿ ਫ਼ੌਜੀ ਤਾਨਸ਼ਾਹਾਂ ਦੇ ਰਾਜ ਕਾਲ ਦੌਰਾਨ ਪਾਕਿਸਤਾਨ ਦੇ ਭਾਰਤ ਨਾਲ ਸਬੰਧ ਮੁਕਾਬਲਤਨ ਬਿਹਤਰ ਰਹੇ। ਇਹ ਵੀ ਦੱਸਦੀ ਹੈ ਕਿ 1953 ਤੋਂ 1960 ਦੇ ਸਮੇਂ ਦੌਰਾਨ ਦੋਵਾਂ ਮੁਲਕਾਂ ਦਰਮਿਆਨ ਰਿਸ਼ਤਾ ਬਾਕੀ ਦੇ ਵਰ੍ਹਿਆਂ ਦੇ ਮੁਕਾਬਲਤਨ ਕਾਫ਼ੀ ਖੁਸ਼ਗਵਾਰ ਰਿਹਾ। ਇਹ ਵੀ ਤੱਥ ਸਾਹਮਣੇ ਆਉਂਦਾ ਹੈ ਕਿ ਕਸ਼ਮੀਰ ਅੰਦਰਲੀ ਜੰਗਬੰਦੀ ਰੇਖਾ (ਹੁਣ ਕੰਟਰੋਲ ਰੇਖਾ ਜਾਂ ਐੱਲਓਸੀ) ਨੂੰ ਸਥਾਈ ਸਰਹੱਦ ਵਿਚ ਬਦਲਣ ਦੀ ਤਜਵੀਜ਼ ਸਭ ਤੋਂ ਪਹਿਲਾਂ 1953 ਵਿਚ ਤਤਕਾਲੀ ਪਾਕਿਸਤਾਨੀ ਵਜ਼ੀਰੇ-ਆਜ਼ਮ ਮੁਹੰਮਦ ਅਲੀ ਬੋਗਰਾ ਨੇ ਪੇਸ਼ ਕੀਤੀ ਸੀ। ਬਾਅਦ ਵਿਚ ਇਹੋ ਤਜਵੀਜ਼ 1960 ਵਿਚ ਨਹਿਰੂ-ਅਯੂਬ ਵਾਰਤਾਲਾਪ ਦੌਰਾਨ ਵੀ ਵਿਚਾਰੀ ਗਈ, ਪਰ ਦੋਵੇਂ ਨੇਤਾ ਇਸ ਉੱਤੇ ਸਹੀ ਪਾਉਣ ਦੀ ਜੁਰੱਅਤ ਨਾ ਦਿਖਾ ਸਕੇ। ਇਹੋ ਹਸ਼ਰ 2005 ਵਿਚ ਮਨਮੋਹਨ ਸਿੰਘ-ਮੁਸ਼ੱਰਫ ਸਿਖ਼ਰ ਵਾਰਤਾ ਦੌਰਾਨ ਹੋਇਆ।
ਭਾਰਤ ਤੇ ਪਾਕਿਸਤਾਨ ਦਰਮਿਆਨ ਦੋ ਜੰਗਾਂ ਭਾਵੇਂ ਫ਼ੌਜੀ ਤਾਨਾਸ਼ਾਹਾਂ (ਅਯੂਬ ਖ਼ਾਨ ਤੇ ਯਾਹੀਆ ਖ਼ਾਨ) ਦੇ ਸਮਿਆਂ ਦੌਰਾਨ 1965 ਤੇ 1971 ਵਿਚ ਹੋਈਆਂ, ਪਰ ਤਕਰੀਬਨ ਸਾਰੇ ਤਾਨਾਸ਼ਾਹ ਜੰਗ ਛੇੜਨ ਤੋਂ ਸਿੱਧੇ-ਅਸਿੱਧੇ ਤੌਰ ’ਤੇ ਝਿਜਕਦੇ ਰਹੇ। ਅਯੂਬ ਖ਼ਾਨ ਨੂੰ ਵੀ ਭਾਰਤ ਖ਼ਿਲਾਫ਼ ਜੰਗ ਵਿਚ ਸ਼ਾਤਿਰ ਸਿਆਸਤਦਾਨ ਜ਼ੁਲਫ਼ਿਕਾਰ ਅਲੀ ਭੁੱਟੋ ਨੇ ਧੱਕਿਆ ਅਤੇ ਯਾਹੀਆ ਖ਼ਾਨ ਨੂੰ ਵੀ। ਇਨ੍ਹਾਂ ਜੰਗਾਂ ਰਾਹੀਂ ਦੋਵਾਂ ਦੇ ਪਤਨ ਦਾ ਲਾਭ ਵੀ ਭੁੱਟੋ ਨੇ ਹੀ ਲਿਆ। ਅਯੂਬ ਦੇ ਰੁਖ਼ ਦਾ ਅੰਦਾਜ਼ਾ 1962 ਦੇ ਹਿੰਦ-ਚੀਨ ਯੁੱਧ ਦੇ ਸਮੇਂ ਤੋਂ ਹੋ ਜਾਂਦਾ ਹੈ। ਉਸ ਨੂੰ ਕਈ ਸਲਾਹਕਾਰਾਂ ਨੇ ਭਾਰਤ ਉੱਤੇ ਹਮਲੇ ਲਈ ਉਕਸਾਇਆ, ਪਰ ਉਸ ਦਾ ਜਵਾਬ ਸੀ: ‘‘ਜ਼ਖ਼ਮੀ ਦੁਸ਼ਮਣ ’ਤੇ ਵਾਰ ਨਹੀਂ ਕੀਤਾ ਜਾਣਾ ਚਾਹੀਦਾ। ਇਹ ਦਲੇਰੀ ਦੀ ਨਿਸ਼ਾਨੀ ਨਹੀਂ।’’ ਜਨਰਲ ਜ਼ਿਆ-ਉਲ-ਹੱਕ ਨੇ ਦਹਿਸ਼ਤਗਰਦੀ ਤੇ ਘੁਸਪੈਠ ਰਾਹੀਂ ਭਾਰਤ ਨੂੰ ‘ਹਜ਼ਾਰਾਂ ਫੱਟ’ ਲਾਉਣ ਦੀ ਰਣਨੀਤੀ ਅਪਣਾਈ (ਜੋ ਹੁਣ ਦੇ ਹਾਕਮਾਂ ਵੱਲੋਂ ਵੀ ਜਾਰੀ ਹੈ), ਪਰ ਸਿੱਧੇ ਹਮਲੇ ਤੋਂ ਉਹ ਸਦਾ ਹੀ ਬਚਦਾ ਰਿਹਾ। ਸਿੱਧੀ ਜੰਗ ਦੀ ਹਰ ਸੰਭਾਵਨਾ ਨੂੰ ਉਹ ਭਾਰਤ ਦੀਆਂ ਅਚਨਚੇਤੀ ਫੇਰੀਆਂ ਰਾਹੀਂ ਟਾਲਦਾ ਰਿਹਾ। ਉਹ ਇਕੋ-ਇਕ ਪਾਕਿਸਤਾਨੀ ਹੁਕਮਰਾਨ ਸੀ ਜਿਹੜਾ ਛੇ ਵਾਰ ਭਾਰਤ ਆਇਆ।
ਰਾਘਵਨ ਦੀ ਸੋਚ ਤੇ ਪਹੁੰਚ ਅਸਲਵਾਦੀ ਹੈ। ਦੱਖਣ ਭਾਰਤੀ ਹੋਣ ਦੇ ਬਾਵਜੂਦ ਉਸ ਦੀ ਪਰਵਰਿਸ਼ ਜੰਮੂ ਵਿਚ ਹੋਈ (ਪਿਤਾ ਜੰਮੂ ਦਾ ਡਿਵੀਜ਼ਨਲ ਕਮਿਸ਼ਨਰ ਤੇ ਹੋਰ ਉੱਚ ਅਹੁਦਿਆਂ ਉੱਤੇ ਰਿਹਾ)। ਉਹ ਦੋਵਾਂ ਪੰਜਾਬਾਂ ਦੇ ਜਜ਼ਬਾਤੀ ਵਲਵਲਿਆਂ ਨੂੰ ਵੀ ਸਮਝਦਾ ਹੈ। ਫਿਰ ਵੀ, ਅਤੀਤ ਦੀਆਂ ਘਟਨਾਵਲੀਆਂ ਦੇ ਆਧਾਰ ’ਤੇ ਉਹ ਇਕੋ ਹੀ ਨਤੀਜੇ ਉੱਤੇ ਪਹੁੰਚਿਆ ਹੈ ਕਿ ਹਿੰਦ-ਪਾਕਿ ਦੇ ਪ੍ਰਸੰਗ ਵਿਚ ਜੋ ਸੱਤਰ ਸਾਲਾਂ ਤੋਂ ਚਲਦਾ ਆ ਰਿਹਾ ਹੈ, ਉਹ ਅਗਲੇ ਤੀਹ ਸਾਲ ਵੀ ਮੁੱਕਣ ਵਾਲਾ ਨਹੀਂ। ਐਨ ਗੁਆਂਢ ਵਸੇ ਦੋ ਮੁਲਕਾਂ ਲਈ ਇਸ ਤੋਂ ਵੱਡਾ ਦੁਖਾਂਤ ਹੋਰ ਕੋਈ ਨਹੀਂ ਹੋ ਸਕਦਾ।
* * *
ਨੋਬੇਲ ਪੁਰਸਕਾਰ ਜੇਤੂ ਲਾਤੀਨੀ ਅਮਰੀਕੀ ਲੇਖਕ ਗੈਬਰੀਅਲ ਗਰਸ਼ੀਆ ਮਾਰਖ਼ੇਜ਼ (ਆਮ ਉਚਾਰਣ ਮਾਰਕੇਜ਼) ਦੀਆਂ ਅਣਛਪੀਆਂ ਲੇਖਣੀਆਂ ਦਾ ਇਕ ਸੰਗ੍ਰਹਿ ‘ਦਿ ਸਕੈਂਡਲ ਆਫ ਦਿ ਸੈਂਚੁਰੀ ਐਂਡ ਅਦਰ ਰਾਈਟਿੰਗਜ਼’ (ਅਲਫਰੈੱਡ ਨੌਫ਼ ਪਬਲਿਸ਼ਿੰਗ; 302 ਪੰਨੇ; 99 ਰੁਪਏ) ਹੁਣੇ ਜਹੇ ਉਪਲੱਬਧ ਹੋਇਆ ਹੈ। ਇਸ ਵਿਚ ਨੋਬੇਲ ਅਦਬੀ ਪੁਰਸਕਾਰਾਂ ਬਾਰੇ 42 ਪੰਨਿਆਂ ਦਾ ਇਕ ਮਜ਼ਮੂਨ ਬੜਾ ਦਿਲਚਸਪ ਹੈ। ਮਾਰਖ਼ੇਜ਼ ਅਦਬੀ ਇਨਾਮਾਂ ਦਾ ਤਿੱਖਾ ਆਲੋਚਕ ਰਿਹਾ ਹੈ। 1980 ਵਿਚ ਉਸ ਨੇ ਇਕ ਲੰਮੇ ਲੇਖ ਰਾਹੀਂ ਨੋਬੇਲ ਪੁਰਸਕਾਰ ਦੀ ਵੀ ਨੁਕਤਾਚੀਨੀ ਕੀਤੀ ਸੀ। ਨਾਲ ਹੀ ਇਹ ਕਾਰਨ ਬਿਆਨ ਕੀਤੇ ਸਨ ਕਿ ਮਹਾਨ ਅਰਜਨਟੀਨੀ ਲੇਖਕ ਜੋਰਜ ਲੁਇਸ ਬੋਰਜਸ ਨੂੰ ਕਦੇ ਵੀ ਨੋਬੇਲ ਪੁਰਸਕਾਰ ਕਿਉਂ ਨਹੀਂ ਮਿਲੇਗਾ।
ਉਸੇ ਵਰ੍ਹੇ ਸਟਾਕਹੋਮ (ਸਵੀਡਨ) ਵਿਚ ਮਾਰਖ਼ੇਜ਼ ਦੀ ਮੁਲਾਕਾਤ ਨੋਬੇਲ ਇਨਾਮ ਵਾਲੀ ਸਵੀਡਿਸ਼ ਕਮੇਟੀ ਦੇ ਇਕੋ-ਇਕ ਅਜਿਹੇ ਜਿਊਰੀ ਮੈਂਬਰ ਆਰਥੁਰ ਲੰਗਕੁਇਸਟ ਨਾਲ ਹੋਈ ਜੋ ਕਿ ਸਪੇਨੀ ਭਾਸ਼ਾ ਪੜ੍ਹਨੀ ਜਾਣਦਾ ਸੀ। ਲੰਗਕੁਇਸਟ, ਮਾਰਖ਼ੇਜ਼ ਨੂੰ ਆਪਣੀ ਲਾਇਬਰੇਰੀ ਵਿਚ ਲੈ ਲਿਆ। ਉੱਥੇ ਲਾਤੀਨੀ ਅਮਰੀਕੀ ਲੇਖਕਾਂ ਦੀਆਂ ਦਰਜਨਾਂ ਕਿਤਾਬਾਂ ਮੌਜੂਦ ਸਨ ਜਿਨ੍ਹਾਂ ਨੂੰ ਭੇਟ ਕਰਨ ਵਾਲਿਆਂ ਨੇ ਲੰਗਕੁਇਸਟ ਲਈ ਬੜੇ ਭਾਵਪੂਰਤ (ਤੇ ਝੋਲੀਚੁੱਕੀ ਨਾਲ ਲਬਰੇਜ਼) ਸੁਨੇਹੇ ਦਰਜ ਕੀਤੇ ਹੋਏ ਸਨ। ਮਾਰਖ਼ੇਜ਼ ਨੂੰ ਸਿਰਫ਼ ‘ਸ਼ੁਭ ਇਛਾਵਾਂ ਸਹਿਤ’ ਲਿਖ ਕੇ ਆਪਣੇ ਦਸਤਖ਼ਤ ਕਰਨ ਦੀ ਆਦਤ ਸੀ। ਆਪਣੀ ਕਿਤਾਬ ਭੇਟ ਕਰਨ ਲੱਗਿਆਂ ਉਹ ਆਦਤਨ ਉਪਰੋਕਤ ਕਾਰਵਾਈ ਕਰਨ ਲੱਗਿਆ, ਪਰ ਅਚਾਨਕ ਉਸ ਨੂੰ ਜਾਪਿਆ ਕਿ ਉਸ ਨੂੰ ਵੀ ਤਾਰੀਫ਼ ਦੇ ਕੁਝ ਸ਼ਬਦ ਜ਼ਰੂਰ ਦਰਜ ਕਰਨੇ ਚਾਹੀਦੇ ਹਨ। ਉਸ ਨੇ ਅਜਿਹਾ ਹੀ ਕੀਤਾ। ਦੋ ਸਾਲ ਬਾਅਦ ਉਸ ਨੂੰ ਨੋਬੇਲ ਪੁਰਸਕਾਰ ਮਿਲ ਗਿਆ।