ਟੀਵੀ ਚੈਨਲ ਬਨਾਮ ਨੀਵੇਂ ਪੱਧਰ ਦੀਆਂ ਗੱਲਾਂ
ਟੀਵੀ ਚੈਨਲਾਂ ਦਾ ਉਦੇਸ਼ ਸਹੀ ਖ਼ਬਰਾਂ ਤੇ ਪੂਰਨ ਜਾਣਕਾਰੀ ਦੇਣਾ ਅਤੇ ਹਰ ਪੱਖੋਂ ਉਸਾਰੂ ਹੋਣਾ ਚਾਹੀਦਾ ਹੈ ਪਰ ਦੇਖਣ ਵਿਚ ਆ ਰਿਹਾ ਹੈ ਕਿ ਇਕ ਦੋ ਚੈਨਲਾਂ ਨੂੰ ਛੱਡ ਕੇ ਬਾਕੀ ਨਾਂਹ ਪੱਖੀ ਕੰਮ ਕਰ ਰਹੇ ਹਨ। ਕਈ ਕਾਰਨਾਂ ਕਰਕੇ ਬੇਸ਼ੱਕ ਸਾਰੇ ਗੁਆਂਢੀ ਦੇਸ਼ਾਂ ਨਾਲ ਖਿੱਚੋਤਾਣ ਵਧ ਗਈ ਹੈ ਪਰ ਇਸ ਦਾ ਹੱਲ ਜੰਗ ਨਹੀਂ, ਰਾਜਨੀਤਕ ਜਾਂ ਕੂਟਨੀਤਕ ਗੱਲਬਾਤ ਹੀ ਹੈ। ਵਿਰੋਧੀ ਮੁਲਕ ਦੇ ਨੇਤਾਵਾਂ ਦੀਆਂ ਤਸਵੀਰਾਂ ਸਾੜਨਾ, ਅਰਥੀਆਂ ਫੂਕਣਾ, ਝੰਡੇ ਪਾੜਨਾ, ਤਸਵੀਰਾਂ ’ਤੇ ਜੁੱਤੀਆਂ ਮਾਰਨਾ, ਗਧੇ ’ਤੇ ਤਸਵੀਰਾਂ ਲਾ ਕੇ ਜੁੱਤੀਆਂ ਦੇ ਹਾਰ ਪਾਉਣਾ, ਇਹ ਦ੍ਰਿਸ਼ ਦਿਖਾਉਣਾ ਨੀਵੀਂ ਪੱਧਰ ਦੀਆਂ ਗੱਲਾਂ ਹਨ। ਇਸ ਨਾਲ ਨਫ਼ਰਤ ਹੋਰ ਵਧਦੀ ਹੈ। ਲੀਡਰਾਂ ਦੇ ਸ਼ੇਖ਼ੀ ਵਾਲੇ ਅਤੇ ਹੈਂਕੜ ਭਰੇ ਬੋਲ ਹੋਰ ਵੀ ਘਟੀਆ ਹੁੰਦੇ ਹਨ ਜੋ ਟੀਵੀ ਹੋਰ ਮਸਾਲੇਦਾਰ ਬਣਾ ਕੇ ਪੇਸ਼ ਕਰਦਾ ਹੈ। ਸਿਆਣਿਆਂ ਦਾ ਕਹਿਣਾ ਹੈ : ‘ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ ਅਤੇ ਜੰਗ ਤੋਂ ਬਚੋ’। ਜੰਗ ਵਿਚ ਕਦੇ ਕੋਈ ਲੀਡਰ ਨਹੀਂ ਮਰਦਾ, ਫੌਜੀ ਜਵਾਨ ਹੀ ਮਰਦੇ ਹਨ। ਉਹ ਮਾਵਾਂ ਦੇ ਪੁੱਤ ਸਿਰਫ਼ ਭਾਰਤੀ ਹੀ ਨਹੀਂ ਹੁੰਦੇ, ਚੀਨੀ ਅਤੇ ਪਾਕਿਸਤਾਨੀ ਵੀ ਹੁੰਦੇ ਹਨ। ਇਸ ਲਈ ਟੀਵੀ ਅਤੇ ਮੀਡੀਏ ਦਾ ਫ਼ਰਜ਼ ਹੈ ਕਿ ਦੁਸ਼ਮਣੀ ਤੇ ਨਫ਼ਰਤ ਦੀ ਥਾਂ ਸੁਲਾਹ ਸਫ਼ਾਈ, ਅਮਨ ਤੇ ਸ਼ਾਂਤੀ ਦਾ ਸੁਨੇਹਾ ਦੇਵੇ, ਦੇਸ਼ਾਂ ਨੂੰ ਜੰਗ ਦੀ ਮਾਰੂ ਅੱਗ ਤੋਂ ਬਚਾਏ।
ਜੋਧ ਸਿੰਘ, ਮੋਗਾ
ਚੀਨ ਨਾਲ ਰਿਸ਼ਤੇ
ਸੁਕੀਰਤ ਦਾ 20 ਜੂਨ ਦਾ ਲੇਖ ‘ਚੀਨ ਨਾਲ ਵਪਾਰ: ਸਿਆਸੀ ਤੇ ਕੂਟਨੀਤਕ ਠਰ੍ਹੰਮੇ ਦੀ ਲੋੜ’ ਸਮੇਂ ਦੀ ਮੰਗ ’ਤੇ ਖ਼ਰਾ ਉੱਤਰਨ ਵਾਲਾ ਹੈ। ਭਾਵਨਾਵਾਂ ਤੇ ਜਜ਼ਬਾਤ ਦੇ ਹੜ੍ਹ ਵਿਚ ਰੁੜ੍ਹ ਜਾਣਾ ਹਮੇਸ਼ਾ ਹੀ ਘਾਟੇ ਵਾਲਾ ਅਤੇ ਖ਼ਤਰਨਾਕ ਸਿੱਧ ਹੁੰਦਾ ਹੈ। ਸੰਦੇਸ਼ ਇਹੀ ਹੈ ਕਿ ਜੇ ਚੀਨ ਨਾਲ ਮੁਕਾਬਲਾ ਕਰਨਾ ਹੈ ਤਾਂ ਵਪਾਰ ਦਾ ਸੰਤੁਲਨ ਵੀ ਆਪਣੇ ਹੱਕ ਵਿਚ ਕਰਨਾ ਪਵੇਗਾ ਜਿਹੜਾ ਇਸ ਵਕਤ ਚੀਨ ਦੇ ਹੱਕ ਵਿਚ ਸੱਤ ਗੁਣਾ ਹੈ। ਆਤਮ-ਨਿਰਭਰ ਭਾਰਤ ਬਣਾਉਣ ਦੀ ਲੋੜ ਸਦਾ ਰਹੇਗੀ ਪਰ ਜੁਮਲਿਆਂ ਨਾਲ ਨਹੀਂ; ਇਹ ਆਪਣੇ ਕਿਰਦਾਰ ਅਤੇ ਪੈਦਾਵਾਰ ਨੂੰ ਅਮੀਰ ਬਣਾ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ। ਜੇ ਦੁਸ਼ਮਣ ’ਤੇ ਹਮਲੇ ਨਾਲ ਸਾਡਾ ਵੱਧ ਨੁਕਸਾਨ ਹੋਵੇ ਤਾਂ ਇਹ ਸਿਆਣਪ ਨਹੀਂ ਕਹੀ ਜਾ ਸਕਦੀ। ਗੁਆਂਢੀ ਨਾਲ ਦੁਸ਼ਮਣੀ ਹਮੇਸ਼ਾਂ ਘਾਟੇ ਦਾ ਸੌਦਾ ਹੁੰਦੀ ਹੈ। ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣੇ ਵੀ ਰਾਜਨੀਤਕ ਹੁਨਰ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਸੁਕਰੀਤ ਦਾ ਲੇਖ ‘ਚੀਨ ਨਾਲ ਵਪਾਰ : ਸਿਆਸੀ ਤੇ ਕੂਟਨੀਤਕ ਠਰ੍ਹੰਮੇ ਦੀ ਲੋੜ’ ਪੜ੍ਹਿਆ। ਇਸ ਸਮੇਂ ਚੀਨ ਨਾਲ ਵਪਾਰ ਬੰਦ ਕਰਨਾ ਭਾਰਤ ਲਈ ਹੀ ਘਾਟੇ ਦਾ ਸੌਦਾ ਸਾਬਤ ਹੋਵੇਗਾ ਕਿਉਂਕਿ ਕਈ ਸਵਦੇਸ਼ੀ ਉਤਪਾਦ ਚੀਨੀ ਉਤਪਾਦਾਂ ਨਾਲੋਂ ਮਹਿੰਗੇ ਹਨ ਜਿਸ ਨਾਲ ਭਾਰਤ ਦੇ ਗ਼ਰੀਬ ਅਤੇ ਮੱਧ ਵਰਗ ਲੋਕਾਂ ਉੱਪਰ ਅਸਰ ਪਵੇਗਾ। ਭਾਰਤ ਵੱਖ ਵੱਖ ਔਸ਼ਧੀਆਂ ਦੇ ਨਿਰਮਾਣ ਲਈ ਤਕਰੀਬਨ 70 ਪ੍ਰਤੀਸ਼ਤ ਤੋਂ ਵੱਧ ਸਮੱਗਰੀ ਚੀਨ ਤੋਂ ਦਰਾਮਦ ਕਰਦਾ ਹੈ। ਦੋਵਾਂ ਦੇਸ਼ਾਂ ਵਿਚ ਵਪਾਰ ਬੰਦ ਹੋਣ ਨਾਲ ਭਾਰਤ ਆਪਣਾ 14 ਪ੍ਰਤੀਸ਼ਤ ਦਰਾਮਦ ਅਤੇ 5 ਪ੍ਰਤੀਸ਼ਤ ਬਰਾਮਦ ਗੁਆ ਲਵੇਗਾ। ਇਸ ਸਮੇਂ ਵਪਾਰ ਬੰਦ ਕਰਨ ਅਤੇ ਚੀਨੀ ਵਸਤਾਂ ਦੇ ਬਾਈਕਾਟ ਬਾਰੇ ਸਿਆਸੀ ਆਗੂਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਬਚਣ ਦੀ ਜ਼ਰੂਰਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਜ਼ਮੀਨੀ ਪੱਧਰ ਉੱਤੇ ਯੋਜਨਾਬੱਧ ਤਰੀਕੇ ਨਾਲ ਲੋੜੀਂਦੇ ਉਪਰਾਲੇ ਕੀਤੇ ਜਾਣ।
ਨਵਜੋਤ ਸਿੰਘ ਜੌਹਲ, ਸੰਗਰੂਰ
(3)
ਸੁਕੀਰਤ ਦੇ ਲੇਖ ਵਿਚ ਗੱਲਾਂ ਤਾਂ ਬੜੇ ਤਰਕ ਨਾਲ ਕੀਤੀਆਂ ਗਈਆਂ ਹਨ ਪਰ ਕੇਂਦਰ ਸਰਕਾਰ ਤੋਂ ਅਜਿਹੀ ਆਸ ਕਰਨੀ ਵੀ ਚਾਹੀਦੀ ਹੈ? ਇਹ ਸ਼ਾਇਦ ਸਭ ਤੋਂ ਵੱਡਾ ਸਵਾਲ ਹੈ। ਇਸ ਸਰਕਾਰ ਨੇ ਲੋਕਾਂ ਦੀਆਂ ਲੋੜਾਂ ਬਾਰੇ ਸੋਚ ਕੇ ਅਜੇ ਤਕ ਇਕ ਵੀ ਫ਼ੈਸਲਾ ਨਹੀਂ ਕੀਤਾ ਹੈ, ਫਿਰ ਅਸੀਂ ਇਸ ਸਰਕਾਰ ਤੋਂ ਅਜਿਹੀਆਂ ਆਸਾਂ ਪਤਾ ਨਹੀਂ ਕਿਉਂ ਲਾ ਰਹੇ ਹਾਂ।
ਬੇਅੰਤ ਸਿੰਘ, ਹੁਸ਼ਿਆਰਪੁਰ
(4)
ਸੁਕੀਰਤ ਦਾ ਲੇਖ ‘ਚੀਨ ਨਾਲ ਵਪਾਰ: ਸਿਆਸੀ ਤੇ ਕੂਟਨੀਤਕ ਠਰ੍ਹੰਮੇ ਦੀ ਲੋੜ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਭਾਰਤ ਦਾ ਜ਼ਿਆਦਾਤਰ ਵਪਾਰ ਚੀਨੀ ਵਸਤੂਆਂ ’ਤੇ ਨਿਰਭਰ ਕਰਦਾ ਹੈ। ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਆਉਂਦਾ ਹੈ, ਜਿੱਥੇ ਜ਼ਿਆਦਾਤਰ ਲੋਕ ਆਰਥਿਕ ਥੁੜ੍ਹਾਂ ਕਾਰਨ ਜੂਝ ਰਹੇ ਹਨ; ਮਹਿੰਗੀਆਂ ਵਸਤੂਆਂ ਖ਼ਰੀਦਣਾ ਉਨ੍ਹਾਂ ਦੇ ਵੱਸੋਂ ਬਾਹਰੀ ਹੈ। ਸਾਡਾ ਵਾਹ ਜਦੋਂ ਬਾਜ਼ਾਰ ਨਾਲ ਪੈਂਦਾ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘੱਟੋ-ਘੱਟ ਕੀਮਤ ਤਾਰ ਕੇ ਵੱਧ ਫ਼ਾਇਦਾ ਦੇਣ ਵਾਲੀਆਂ ਵਸਤੂਆਂ ਨੂੰ ਅਹਿਮੀਅਤ ਦਿੱਤੀ ਜਾਵੇ। ਇਸ ਲਈ ਚੀਨੀ ਵਪਾਰ ਬਾਰੇ ਸਰਕਾਰ ਨੂੰ ਦੂਰਅੰਦੇਸ਼ ਸਮਝ ਅਪਣਾਉਣੀ ਪਵੇਗੀ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
(5)
ਭਾਰਤ ਨਾਲ ਵਧੀਕੀ ਕਰਨ ਦੇ ਮਾਮਲੇ ’ਚ ਚੀਨ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਜ਼ਾ ਮਿਲਣੀ ਚਾਹੀਦੀ ਹੈ। ਅਫ਼ਸੋਸ, ਮੋਦੀ ਸਰਕਾਰ ਬੜ੍ਹਕਾਂ ਮਾਰਨ ਜੋਗੀ ਹੀ ਹੈ।
ਬਲਬੀਰ ਸਿੰਘ, ਰਾਮਪੁਰਾਫੂਲ
ਸਰਕਾਰ ਕਿੱਥੇ ਹੈ?
19 ਜੂਨ ਦੇ ਸੰਪਾਦਕੀ ‘ਡਰਾਈਵਰ-ਕੰਡਕਟਰਾਂ ਦੀ ਬੇਰੁਜ਼ਗਾਰੀ’ ਰਾਹੀਂ ਉਸ ਤਬਕੇ ਦੀ ਆਵਾਜ਼ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸ਼ਾਇਦ ਸੋਸ਼ਲ ਮੀਡੀਆ ’ਤੇ ਸਟੇਟਸ ਪਾ ਕੇ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ, ਨਾ ਹੀ ਇਨ੍ਹਾਂ ਲਈ ਟਵਿੱਟਰ ’ਤੇ ਕੋਈ ਹੈਸ਼ਟੈਗ ਚੱਲਦਾ ਹੈ। ਕੋਵਿਡ-19 ਨੂੰ ਸਾਡੇ ਦੇਸ਼ ਵਿਚ ਆਏ ਅਤੇ ਸਰਕਾਰ ਦੇ ਉਸ ਮਗਰੋਂ ਤਾਲਾਬੰਦੀ ਕੀਤਿਆਂ ਕਾਫ਼ੀ ਵਕਤ ਹੋ ਚੁੱਕਿਆ ਹੈ ਪਰ ਅਜੇ ਤਕ ਸਮਾਜ ਦੇ ਕਿਸੇ ਵੀ ਹਿੱਸੇ ਤਕ ਸਰਕਾਰ ਦਾ ਮਦਦ ਵਾਲਾ ਹੱਥ ਨਹੀਂ ਪੁੱਜ ਸਕਿਆ। ਸਿਰਫ਼ ਐਲਾਨ ਕਰਨੇ ਹੀ ਕਾਫ਼ੀ ਨਹੀਂ ਹੁੰਦੇ। ਜੋ ਲੋਕ ਰੋਜ਼ਮੱਰਾ ਜ਼ਿੰਦਗੀ ਨੂੰ ਆਸਾਨ ਕਰਦੇ ਹਨ, ਸਾਡੇ ਦੇਸ਼ ਦੇ ਚੱਲਦੇ ਰਹਿਣ ਵਿਚ ਵੱਡਾ ਹਿੱਸਾ ਪਾਉਂਦੇ ਹਨ, ਸਰਕਾਰ ਨੂੰ ਉਨ੍ਹਾਂ ਬਾਰੇ ਸੋਚਣਾ ਚਾਹੀਦਾ ਹੈ।
ਹੇਮੰਤ ਕੌਰ ਸੇਠ, ਈਮੇਲ
ਕੁਦਰਤ ਨਾਲੋਂ ਤੋੜ-ਵਿਛੋੜਾ
19 ਜੂਨ ਦੇ ਅੰਕ ਵਿਚ ਪਰਮਬੀਰ ਕੌਰ ਦਾ ਲਿਖਿਆ ਮਿਡਲ ‘ਹੁਣ ਨਹੀਂ ਤਾਂ ਕਦੋਂ’ ਪੜ੍ਹਿਆ। ਇਹ ਸਾਡੇ ਸਭ ਲਈ ਬੜਾ ਵੱਡਾ ਸਵਾਲ ਹੈ ਕਿ ਅਸੀਂ ਕੁਦਰਤ ਨਾਲੋਂ ਕਿਉਂ ਟੁੱਟ ਰਹੇ ਹਾਂ? ਕੁਦਰਤੀ ਸਰੋਤਾਂ ਨੂੰ ਅਸ਼ੁੱਧ ਕਰ ਰਹੇ ਹਾਂ। ਜੀਵਨ ਜਿਊਣ ਲਈ ਅੰਮ੍ਰਿਤ ਵਰਗੇ ਪਾਣੀ ਨੂੰ ਅਸ਼ੁੱਧ ਕਰਕੇ ਖ਼ਤਮ ਕਰਨ ’ਤੇ ਤੁਲੇ ਹੋਏ ਹਾਂ।
ਐਸ. ਮੀਲੂ ਫਰੌਰ, ਈਮੇਲ