ਸੁੱਤਿਆਂ ਨੂੰ ਹਲੂਣਾ
14 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਖੇਤ ਸੌਂ ਰਹੇ ਹਨ!’ ਸਾਡੀ ਸੁੱਤੀ ਹੋਈ ਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ। ਅੱਜ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਨੰਦ ਤੇਲਤੁੰਬੜੇ ਅਤੇ ਹੋਰ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਨਜ਼ਰਬੰਦ ਕੀਤਾ ਹੋਇਆ ਹੈ। ਇਹ ਉਹ ਲੋਕ ਹਨ ਜੋ ਸਮਾਜ ਦੇ ਹੱਕਾਂ ਲਈ ਲੜਦੇ ਅਤੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਦੇ ਹਨ। ਜਾਗਦੀ ਜ਼ਮੀਰ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ, ਜੋ ਲੋਕਾਂ ਦੇ ਹੱਕਾਂ ਲਈ ਲੜਦੇ ਹਨ। ਇਹ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਬਹੁਗਿਣਤੀ ਲੋਕ ਅਜਿਹੇ ਲੋਕਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਸਮਝਦੇ ਨਹੀਂ ਅਤੇ ਆਪਣੇ ਨਿੱਜੀ ਕੰਮਾਂ ਤੋਂ ਵਿਹਲ ਕੱਢ ਕੇ ਅਜਿਹੇ ਲੋਕਾਂ ਦਾ ਸਾਥ ਨਹੀਂ ਦਿੰਦੇ। ਜਿਸ ਤਰ੍ਹਾਂ ਸਰਕਾਰ ਅੱਜ ਬੁੱਧੀਜੀਵੀਆਂ, ਹੱਕੀ ਮੰਗਾਂ ਲਈ ਲੜਦੇ ਵਿਦਿਆਰਥੀਆਂ ਅਤੇ ਹੋਰ ਸਮਾਜ ਪੱਖੀ ਕਾਰਕੁਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ, ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਲਾਮਬੰਦ ਹੋ ਕੇ ਇਨ੍ਹਾਂ ਬੁੱਧੀਜੀਵੀਆਂ ਦੇ ਹੱਕ ਵਿਚ ਨਿੱਤਰੀਏ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
(2)
ਵਰਵਰਾ ਰਾਓ, ਗੌਤਮ ਨਵਲੱਖਾ ਤੇ ਇਨ੍ਹਾਂ ਵਰਗੇ ਕਿੰਨੇ ਹੀ ਹੋਰ ਹਨ, ਜਿਨ੍ਹਾਂ ਨੇ ਸਮਾਜਿਕ ਮੁੱਦੇ ਉਭਾਰਨ ਦੇ ਨਾਲ ਨਾਲ ਕਿਸਾਨੀ ਤੇ ਦਲਿਤਾਂ ਦੀ ਗੱਲ ਹੀ ਨਹੀਂ ਕੀਤੀ ਸਗੋਂ ਲੋਕ-ਮਨਾਂ ਨੂੰ ਵੀ ਹਲੂਣਨ ਦੀ ਕੋਸ਼ਿਸ਼ ਕੀਤੀ ਹੈ ਪਰ ਜਦ ਆਮ ਲੋਕ ਆਪਣੇ ਕੰਮਾ ਕਾਰੋਬਾਰਾਂ ਵਿਚ ਇੰਨੇ ਰੁੱਝੇ ਹੋਣ ਤਾਂ ਫਿਰ ਇਨ੍ਹਾਂ ਵਿਸ਼ਿਆਂ ਨੂੰ ਗੰਭੀਰਤਾ ਨਾਲ ਨਾ ਲੈਣ ਤਾਂ ਵਰਵਰਾ ਰਾਓ ਵਰਗਿਆਂ ਦੀਆਂ ਆਸਾਂ ਨੂੰ ਕਿੱਥੋਂ ਬੂਰ ਪਵੇਗਾ? ਮੁਲਕਾਂ ਵਿਚ ਵਿਚਾਰਾਂ ਦੀ ਆਜ਼ਾਦੀ ਸੰਵਿਧਾਨ ਵੀ ਦਿੰਦਾ ਹੈ ਤੇ ਕਾਨੂੰਨ ਵੀ ਕਹਿੰਦਾ ਹੈ ਕਿ ਬੋਲਣ ਨਾਲ ਅਗਰ ਕੋਈ ਹਿੰਸਾ ਨਹੀਂ ਭੜਕਦੀ ਜਾਂ ਉਹੋ ਜਿਹਾ ਮਾਹੌਲ ਨਹੀਂ ਬਣਦਾ ਤਾਂ ਉਹ ਗੁਨਾਹ ਨਹੀਂ ਹੈ। ਸਵਾਲ ਹੈ ਕਿ ਫਿਰ ਵੀ ਵਰਵਰਾ ਰਾਓ ਤੇ ਉਹਦੇ ਵਰਗੇ ਹੋਰ ਕਿੰਨੇ ਹੀ ਹੋਰ ਨਾਂ ਇੰਨੀ ਹਿੰਮਤ ਕਿੱਥੋਂ ਜੁਟਾਉਂਦੇ ਹਨ? ਅਸਲ ਵਿਚ ਜ਼ਮੀਨੀ ਹਕੀਕਤ ਨੂੰ ਭਲੀਭਾਂਤ ਜਾਣਦੇ ਹੋਏ ਵੀ ਇਹ ਲੋਕ ਆਪਣਾ ਰਾਹ ਨਹੀਂ ਤਿਆਗਦੇ। ਲੇਖ ਪੜ੍ਹ ਕੇ ਪਾਸ਼ ਦੀਆਂ ਸਤਰਾਂ ਯਾਦ ਆ ਗਈਆਂ: ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ’।
ਸੰਦੀਪ ਕੁਮਾਰ ਸਿੰਗਲਾ, ਬਠਿੰਡਾ
(3)
ਸਵਰਾਜਬੀਰ ਦੀ ਲਿਖਤ ‘ਖੇਤ ਸੌਂ ਰਹੇ ਹਨ’ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰ ਕੇ ਸਬੰਧਿਤ ਸੂਬਿਆਂ ਦੇ ਰੋਜ਼ਾਨਾ ਸਮਾਚਾਰ ਪੱਤਰਾਂ ਅਤੇ ਰਸਾਲਿਆਂ ਤਕ ਭੇਜਣੀ ਬਣਦੀ ਹੈ। ਇਸ ਮੁੱਦੇ ਉੱਤੇ ਅਸੀਂ ਇੰਨੇ ਦੋਸ਼ੀ ਤਾਂ ਨਹੀਂ ਹਾਂ ਪਰ ਜਿੰਨੇ ਕੁ ਹਾਂ ਉਸ ਉੱਤੇ ਲਿਖਤ ਨੇ ਸਹੀ ਚੋਭ ਲਗਾਈ ਹੈ।
ਸੁੱਚਾ ਸਿੰਘ ਖੱਟੜਾ, ਈਮੇਲ
ਇਲਜ਼ਾਮਤਰਾਸ਼ੀ ਨਾਲ ਕੁਝ ਨਹੀਂ ਸੌਰਨਾ
14 ਜੁਲਾਈ ਨੂੰ ਪੰਨਾ 4 ’ਤੇ ਖ਼ਬਰ ਪੜ੍ਹੀ- ਭਾਰਤੀ ਮੀਡੀਆ ਦਾ ਵੱਡਾ ਹਿੱਸਾ ਫਾਸ਼ੀਵਾਦੀ ਹਿੱਤਾਂ ਦੇ ਕਬਜ਼ੇ ਹੇਠ : ਰਾਹੁਲ। ਮੀਡੀਆ ’ਤੇ ਇਲਜ਼ਾਮ ਲਾਉਣ ਨਾਲ ਕੁਝ ਨਹੀਂ ਹੋਣਾ। ਇਹ ਇਲਜ਼ਾਮ ਲਾਉਣ ਵਾਲੀ ਪਾਰਟੀ ਆਪ 70 ਸਾਲਾਂ ਤੋਂ ਲੋਕਾਂ ਨੂੰ ਧਰਮ ਦੇ ਨਾਮ ’ਤੇ ਵੰਡਦੀ ਆ ਰਹੀ ਹੈ।
ਈਸ਼ਾ ਸ਼ਰਮਾ, ਬਠਿੰਡਾ
ਸਭ ਦੀ ਜ਼ਿੰਮੇਵਾਰੀ
14 ਜੁਲਾਈ ਨੂੰ ਲੋਕ ਸੰਵਾਦ ਪੰਨੇ ਉੱਤੇ ਉਂਕਾਰ ਨਾਥ ਦਾ ਲੇਖ ‘ਸਾਰੀ ਜ਼ਿੰਮੇਵਾਰੀ ਸੇਵਾ-ਮੁਕਤ ਦਲਿਤ ਅਫ਼ਸਰਾਂ ’ਤੇ ਨਹੀਂ’ ਪੜ੍ਹਿਆ। ਜੇ ਸਮਾਜ ਦੇ ਵਿਕਾਸ ਦੀ ਗੱਲ ਕਰੀਏ ਤਾਂ ਉਸ ਦੀ ਜ਼ਿੰਮੇਵਾਰੀ ਹਰ ਇਨਸਾਨ ’ਤੇ ਹੈ, ਭਾਵੇਂ ਉਹ ਸੇਵਾ ਨਿਭਾ ਰਿਹਾ ਹੈ ਜਾਂ ਫਿਰ ਸੇਵਾ-ਮੁਕਤ ਹੋ ਚੁੱਕਿਆ। ਸੇਵਾ-ਮੁਕਤ ਬੰਦੇ ਦੀ ਗੱਲ ਕਰੀਏ ਤਾਂ ਉਹ ਕੇਵਲ ਦਲਿਤ ਹੀ ਨਹੀਂ, ਹਰ ਕੋਈ ਰਿਟਾਇਰਮੈਂਟ ਲੈ ਕੇ ਘਰ ਬੈਠਣਾ ਚਾਹੁੰਦਾ ਹੈ, ਦੇਸ਼ ਦੇ ਵਿਕਾਸ ਲਈ ਜ਼ਿੰਮੇਵਾਰੀ ਉਠਾਉਣ ਤੋਂ ਸਭ ਭੱਜਦੇ ਹਨ। ਸੋ, ਅਸੀਂ ਸਿਰਫ਼ ਦਲਿਤ ਭਾਈਚਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ।
ਜਗਵਿੰਦਰ ਸਿੰਘ, ਸੰਗਰੂਰ
ਦਿਸ਼ਾਹੀਣ ਫ਼ਿਲਮਾਂ ਤੇ ਗੀਤ
9 ਜੁਲਾਈ ਦੇ ‘ਜਵਾਂ ਤਰੰਗ’ ਵਿਚ ਕੁਲਵਿੰਦਰ ਸਿੰਘ ਮਹਿਲ ਕਲਾਂ ਨੇ ਗ਼ੈਰ-ਮਿਆਰੀ ਫ਼ਿਲਮਾਂ ਤੇ ਗੀਤਾਂ ਦੇ ਸਮਾਜ ’ਤੇ ਪੈ ਰਹੇ ਮਾਰੂ ਅਸਰ ਦਾ ਵਰਨਣ ਕੀਤਾ ਹੈ। ਇਕ ਪਾਸੇ ਕਰਜ਼ੇ ਦਾ ਭੰਨਿਆ ਅੰਨਦਾਤਾ ਖੁਦਕੁਸ਼ੀ ਲਈ ਮਜਬੂਰ ਹੈ, ਪੱਲਾ ਅੱਡੀ ਬੇਰੁਜ਼ਗਾਰ ਰੁਜ਼ਗਾਰ ਲਈ ਸੜਕਾਂ ’ਤੇ ਹੈ, ਜਲ ਸਰੋਤ ਸੁੱਕਣ ਕੰਢੇ ਹਨ; ਦੂਜੇ ਪਾਸੇ ਫ਼ਿਲਮਕਾਰਾਂ ਤੇ ਲੱਚਰ ਗੀਤਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਅਨਮੋਲ ਅਮੀਰ ਵਿਰਸੇ ਦੇ ਭੰਡਾਰ ਵਿਚ ਨਸ਼ਾ, ਖ਼ੂਨ-ਖਰਾਬਾ, ਭੱਦੀ ਸ਼ਬਦਾਵਲੀ ਤੇ ਨੰਗੇਜ਼ ਵਰਗੇ ਪਹਾੜਾਂ ਤੋਂ ਅੱਗੇ ਵੀ ਦੁਨੀਆਂ ਵੱਸਦੀ ਹੈ।
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ
ਭਾਜਪਾ ਦੀਆਂ ਪੰਜੇ ਉਂਗਲਾਂ ਘਿਓ ਵਿਚ
ਕਾਂਗਰਸ ਵਿਚ ਟੁੱਟ ਭੱਜ ਵਾਲਾ 14 ਜੁਲਾਈ ਦਾ ਸੰਪਾਦਕੀ ਪੜ੍ਹ ਕੇ ਯਾਦ ਆਉਂਦਾ ਹੈ, ਕਦੇ ਜਵਾਨੀ ਵਾਲੇ ਦਿਨ ਕਾਂਗਰਸ ਕੋਲ ਵੀ ਹੁੰਦੇ ਸੀ। ਉਦੋਂ ਇੰਦਰਾ ਗਾਂਧੀ ਦਾ ਦੌਰ ਸੀ। 40 ਸਾਲਾਂ ਵਿਚ ਹਾਲਾਤ ਬਦਲ ਗਏ ਹਨ ਅਤੇ ਕਾਂਗਰਸ ਵਾਲਾ ਜਲੌਅ ਹੁਣ ਭਾਜਪਾ ਵਿਚ ਦੇਖਣ ਨੂੰ ਮਿਲ ਰਿਹਾ ਹੈ। ਕਰਨਾਟਕ ਵਿਚ ਕਾਂਗਰਸ ਦੇ ਖੰਡਰਾਂ ’ਤੇ ਚੱਲਿਆ ਭਾਜਪਾ ਦਾ ਰੱਥ ਮੱਧ ਪ੍ਰਦੇਸ਼ ਵਿਚ ਧੂੜਾਂ ਪੁੱਟ ਕੇ ਹੁਣ ਰਾਜਸਥਾਨ ਪੁੱਜ ਗਿਆ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਨਾਟਕ ਆਪਸ ਵਿਚ ਜ਼ਿਆਦਾ ਰਲ਼ਦਾ ਹੈ। ਇਹ ਅਸਲ ਵਿਚ ਕਾਂਗਰਸ ਦਾ ਅੰਦਰੂਨੀ ਸੰਕਟ ਹੈ ਜਿਸ ਨੂੰ ਬੋਦੀ ਕੇਂਦਰੀ ਲੀਡਰਸ਼ਿਪ ਨਜਿੱਠਣ ਦੇ ਸਮਰੱਥ ਨਹੀਂ ਲੱਗਦੀ। ਇਸ ਹਾਲਤ ਵਿਚ ਭਾਜਪਾ ਦੀਆਂ ਪੰਜੇ ਉਂਗਲੀਆਂ ਘਿਓ ਵਿਚ ਹਨ। ਪਾਰਟੀ ਅੰਦਰ ਵੀ ਸੰਸਥਾਈ ਸੰਤੁਲਨ ਹੋਣਾ ਲੋੜੀਂਦਾ ਹੈ ਤਾਂ ਜੋ ਹਰ ਕੋਈ ਆਪਣੇ ਆਪ ਨੂੰ ਪਾਰਟੀ ਨਾਲ ਜੁੜਿਆ ਮਹਿਸੂਸ ਕਰੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ