ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 2 ਜੁਲਾਈ
ਸਥਾਨਕ ਪੱਧਰ ’ਤੇ ਦੋ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਕਮੀ ਕਾਰਨ ਸ਼ਹਿਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋਣ, ਸੀਵਰੇਜ ਬੰਦ ਹੋਣ ਤੇ ਪੀਣ ਵਾਲੇ ਪਾਣੀ ਵਿੱਚ ਗੰਧਲਾ ਪਾਣੀ ਮਿਕਸ ਹੋਣ ਦੀਆਂ ਸਮੱਸਿਆਵਾਂ ਨੇ ਆਮ ਲੋਕਾਂ ਨੂੰ ਲੰਬੇ ਅਰਸੇ ਤੋਂ ਪੂਰੀ ਤਰ੍ਹਾਂ ਝੰਬਿਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਰਹੇ ਲੋਕਾਂ ਨੇ ਅੱਜ ਪ੍ਰਸ਼ਾਸਨ ਤੇ ਇਸ ਸ਼ਹਿਰ ’ਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦਾ ਪ੍ਰਬੰਧ ਕਰਨ ਵਾਲੀ ਸ਼ਾਹਪੂਰਜੀ ਪਾਲੂੰਜੀ ਪ੍ਰਾਈਵੇਟ ਲਿਮਿਟਡ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਗੁਰਲਾਲ ਸਿੰਘ ਲਾਲੀ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਨੇ ਉਪ ਮੰਡਲ ਮੈਜਿਸਟਰੇਟ ਦਫਤਰ ਮੂਹਰੇ ਕੰਪਨੀ ਦਾ ਪੁਤਲਾ ਫੂਕਿਆ ਤੇ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੂੰ ਮੰਗ ਪੱਤਰ ਸੌਂਪਦਿਆਂ ਉਕਤ ਸਮੱਸਿਆ ਨੂੰ ਸੁਧਾਰ ਕਰਨ ਲਈ ਇਕ ਹਫ਼ਤਾ ਦਾ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਕਿ ਸੁਧਾਰ ਨਾ ਹੋਣ ਤੇ ਉਹ ਕੰਪਨੀ ਦੇ ਦਫਤਰ ਨੂੰ ਤਾਲਾ ਜੜ੍ਹ ਦੇਣਗੇ।
ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਹਰਪ੍ਰੀਤ ਸਿੰਘ ਹੈਪੀ, ਗੁਰਲਾਲ ਸਿੰਘ ਲਾਲੀ ਅਤੇ ਬਾਊ ਸਿੰਘ ਮੱਕੜ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ਦੇ ਹੀਰਾ ਸਿੰਘ ਨਗਰ, ਪ੍ਰਤਾਪ ਸਿੰਘ ਨਗਰ, ਪ੍ਰੇਮ ਨਗਰ, ਸਿੱਖਾਂਵਾਲਾ ਰੋਡ, ਗੁਰਤੇਗ ਬਹਾਦੁਰ ਨਗਰ,ਗੁਰਮੇਲ ਸਿੰਘ ਮੂਤਰੀ ਕਲਾਕਾਰ ਵਾਲੀ ਸੁਰਗਾਪੁਰੀ, ਹਰੀਨੌਂ ਰੋਡ ਆਦਿ ਇਲਾਕਿਆਂ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਦਾ ਦੂਸ਼ਿਤ ਪਾਣੀ ਗਲੀਆ ਵਿਚ ਖੜਾ ਰਹਿੰਦਾ ਹੈ। ਇਹ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਗਲੀਆਂ, ਨਾਲੀਆਂ ਦੀ ਨਿਯਮਿਤ ਰੂਪ ਵਿਚ ਸਫਾਈ ਨਾ ਹੋਣ ਕਰਕੇ ਸੀਵਰੇਜ ਬੰਦ ਹੋ ਜਾਂਦਾ ਹੈ। ਦੋਵੇਂ ਵਿਭਾਗ ਨਗਰ ਕੌਂਸਲ ਅਤੇ ਸੀਵਰੇਜ ਕੰਪਨੀ ਇਕ-ਦੂਜੇ ਤੇ ਜਿੰਮੇਵਾਰੀਆਂ ਸੁੱਟ ਦੇ ਡੰਗ ਟਪਾ ਰਹੇ ਹਨ।
ਇਸ ਸਬੰਧੀ ਤਹਿਸੀਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਧਿਆਨ ਵਿਚ ਲਿਆਂਦੀ ਜਾਵੇਗੀ।