ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪਿਛਲੇ ਦਿਨੀਂ 10 ਜੁਲਾਈ ਤੋਂ ਭੇਤਭਰੀ ਹਾਲਤ ਵਿੱਚ ਗਾਇਬ ਹੋਏ ਮੁਹੱਲਾ ਮੌਲਵੀਆਂ ਦੇ ਨਿਵਾਸੀ ਵਜੀਰ ਸਿੰਘ (65) ਦੀ ਲਾਸ਼ ਗਲੀ ਸੜੀ ਹਾਲਤ ਵਿੱਚ ਸ਼ਹਿਰ ਦੇ ਜੌਹਲਾਂ ਰੋਡ ਇਲਾਕੇ ਵਿੱਚ ਖਾਲੀ ਪਲਾਟ ਵਿੱਚੋਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਸਾਬਕਾ ਫੌਜੀ ਵਜੀਰ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਮੁਹੱਲਾ ਮੌਲਵੀਆਂ ਜੋ ਕਿ ਰਾਏਕੋਟ ਅਨਾਜ ਮੰਡੀ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ, 10 ਜੁਲਾਈ ਦੀ ਰਾਤ ਨੂੰ ਉਹ ਘਰੋਂ ਡਿਊਟੀ ’ਤੇ ਗਿਆ, ਪਰ ਵਾਪਸ ਨਾ ਪੁੱਜਾ। ਇਸ ਦੀ ਸੂਚਨਾ ਸਥਾਨਕ ਪੁਲੀਸ ਥਾਣੇ ਵਿੱਚ ਵੀ ਦਿੱਤੀ। ਕੱਲ੍ਹ ਦੇਰ ਸ਼ਾਮ ਪੁਲੀਸ ਨੂੰ ਸੂਚਨਾ ਮਿਲੀ ਕਿ ਜੌਹਲਾਂ ਰੋਡ ਇਲਾਕੇ ਵਿੱਚ ਖਾਲੀ ਪਲਾਟ ਵਿੱਚ ਲਾਸ਼ ਪਈ ਹੈ। ਡੀਐੱਸਪੀ ਸੁਖਨਾਜ ਸਿੰਘ, ਥਾਣਾ ਮੁਖੀ ਹੀਰਾ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ। ਲਾਸ਼ ਪੂਰੀ ਤਰ੍ਹਾਂ ਗਲੀ ਸੜੀ ਹਾਲਤ ਵਿੱਚ ਸੀ ਅਤੇ ਇਸ ਵਿੱਚੋਂ ਬਦਬੂ ਆ ਰਹੀ ਸੀ ਲਾਸ਼ ਦੇ ਨੇੜੇ ਹੀ ਉਸ ਦਾ ਸਾਈਕਲ ਵੀ ਪਿਆ ਸੀ। ਮੁੱਢਲੀ ਪੜਤਾਲ ਤੋਂ ਬਾਅਦ ਪੁਲੀਸ ਨੇ ਦੱਸਿਆ ਕਿ ਇਹ ਲਾਸ਼ ਕੁੱਝ ਦਿਨ ਪਹਿਲਾਂ ਗੁੰਮ ਹੋਏ ਵਜੀਰ ਸਿੰਘ ਦੀ ਹੈ, ਜਿਸ ਦੀ ਸ਼ਨਾਖ਼ਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਹੈ। ਡੀਐੱਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕੀਤੀ। ਮ੍ਰਿਤਕ ਵਜੀਰ ਸਿੰਘ ਦੇ ਪੁੱਤਰ ਰਛਪਾਲ ਸਿੰਘਨੇ ਖਦਸ਼ਾ ਜਤਾਇਆ ਕਿ ਉਸ ਦੇ ਪਿਤਾ ਦੀ ਕਿਸੇ ਨੇ ਅਗਵਾ ਕਰਕੇ ਹੱਤਿਆ ਕੀਤੀ ਹੈ।