ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੂਨ
ਇਥੇ ਥਾਣਾ ਅਨਾਜ ਮੰਡੀ ਵੱਲੋਂ ਪਟਿਆਲਾ ਵਿੱਚ ਅਣਅਧਿਕਾਰਤ ਅਤੇ ਵੱਧ ਰੇਟ ‘ਤੇ ਝੋਨੇ ਦਾ ਬੀਜ ਵੇਚ ਕੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਬੀਜ ਵਿਕਰੇਤਾ ਰਾਧੇ ਸ਼ਿਆਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਪੁੱਛ-ਪੜਤਾਲ ਦੇ ਆਧਾਰ ‘ਤੇ ਹੀ ਅੱਜ ਲੁਧਿਆਣਾ ਨਾਲ ਸਬੰਧਤ ਇੱਕ ਹੋਰ ਬੀਜ ਵਿਕਰੇਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਲੁਧਿਆਣਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਰਾਧੇ ਸ਼ਿਆਮ ਨੂੰ ਇਹ ਵਿਅਕਤੀ ਹੀ ਬੀਜ ਸਪਲਾਈ ਕਰਦਾ ਸੀ ਜਦਕਿ ਸਰਕਾਰ ਵੱਲੋਂ ਅਜੇ ਇਸ ਤਰ੍ਹਾਂ ਦੁਕਾਨਦਾਰਾਂ ਰਾਹੀਂ ਪ੍ਰਾਈਵੇਟ ਤੌਰ ‘ਤੇ ਇਹ ਬੀਜ ਵੇਚਣ ਦੀ ਪ੍ਰਵਾਨਗੀ ਨਹੀਂ। ਇਸ ਤੋਂ ਇਲਾਵਾ ਇਹ ਬੀਜ ਵੱਧ ਰੇਟ ‘ਤੇ ਵੀ ਵੇਚਿਆ ਜਾ ਰਿਹਾ ਸੀ, ਜਿਸ ਕਾਰਨ ਥਾਣਾ ਅਨਾਜ ਮੰਡੀ ਵਿੱਚ ਕੇਸ ਦਰਜ ਕੀਤਾ ਗਿਆ। ਇਸ ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਤਾਂ ਜੋ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।