ਦਵਿੰਦਰ ਪਾਲ
ਚੰਡੀਗੜ੍ਹ, 14 ਜੁਲਾਈ
ਪੰਜਾਬ ਵਿੱਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਏਕਾਂਤਵਾਸ ਤੋਂ ਛੋਟ ਦੇ ਦਿੱਤੀ ਗਈ ਹੈ ਪਰ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲਿਆਂ ਨੂੰ ਸੂਬੇ ਦੀ ਸੀਮਾ (ਹੱਦ) ’ਤੇ ਚੈੱਕ ਪੋਸਟ ਵਿਖੇ ਸਿਰਫ਼ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ। ਸੂਬੇ ਵਿੱਚ ਆਉਣ ਵਾਲੇ ਘਰੇਲੂ ਮੁਸਾਫਰਾਂ ਲਈ ਇਸ ਰਾਹਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਖਿਆ ਕਿ ਇਹ ਰਿਆਇਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਅਤੇ ਹੋਰ ਕਾਰੋਬਾਰੀ ਮੁਸਾਫ਼ਰਾਂ ਆਦਿ ਨੂੰ ਦੇਣ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ਦੀ ਇੱਥੇ ਪਹੁੰਚਣ ’ਤੇ 72 ਘੰਟਿਆਂ ਤੋਂ ਘੱਟ ਸਮੇਂ ਦੀ ਠਹਿਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਾਤਰੀਆਂ ਨੂੰ 14 ਦਿਨਾਂ ਦੇ ਲਾਜ਼ਮੀ ਏਕਾਂਤਵਾਸ ਦੀ ਜ਼ਰੂਰਤ ਤੋਂ ਵੀ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਜਦਕਿ ਪੰਜਾਬ ਆਉਣ ਵਾਲੇ ਬਾਕੀ ਘਰੇਲੂ ਮੁਸਾਫ਼ਰਾਂ ਲਈ ਘਰੇਲੂ ਏਕਾਂਤਵਾਸ ਦੀ ਵਿਵਸਥਾ ਪਹਿਲਾਂ ਵਾਂਗ ਬਰਕਰਾਰ ਰਹੇਗੀ।
ਯਾਤਰੀਆਂ ਲਈ ਹੋਰ ਨਿਰਧਾਰਤ ਸੰਚਾਲਨ ਵਿਧੀ (ਐੱਸਓਪੀਜ਼) ਮੁਤਾਬਕ ਇਨ੍ਹਾਂ ਨੂੰ ਸਵੈ-ਇੱਛੁਕ ਤੌਰ ’ਤੇ ਦੱਸਣਾ ਹੋਵੇਗਾ ਕਿ ਉਹ ਕਿਸੇ ਸੀਮਤ ਜ਼ੋਨ (ਕੰਟੇਨਮੈਂਟ ਜ਼ੋਨ) ਤੋਂ ਨਹੀਂ ਆ ਰਹੇ ਅਤੇ ਸੂਬੇ ਵਿੱਚ ਪਹੁੰਚਣ ਦੇ ਸਮੇਂ ਤੋਂ ਲੈ ਕੇ ਉਹ ਪੰਜਾਬ ਵਿੱਚ 72 ਘੰਟਿਆਂ ਤੋਂ ਵੱਧ ਸਮਾਂ ਨਹੀਂ ਠਹਿਰਨਗੇ। ਇਸ ਸਮੇਂ ਦੌਰਾਨ ਉਹ ਆਪਣੀ ਸਿਹਤ ਦੀ ਨਿਗਰਾਨੀ ਕਰਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਪਾਬੰਦ ਰਹਿਣਗੇ। ਜੇਕਰ ਕੋਵਿਡ-19 ਨਾਲ ਸਬੰਧਤ ਕਿਸੇ ਵੀ ਲੱਛਣ ਦਾ ਪਤਾ ਲਗਦਾ ਹੈ ਤਾਂ ਉਹ ਨਿਯੁਕਤ ਕੀਤੀ ਨਿਗਰਾਨੀ ਟੀਮ ਨਾਲ ਗੱਲਬਾਤ ਕਰਨਗੇ ਅਤੇ ਤੁਰੰਤ 104 ਨੰਬਰ ’ਤੇ ਕਾਲ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਮਾਸਕ ਪਹਿਨਣ/ਸਮਾਜਿਕ ਦੂਰੀ ਆਦਿ ਦਾ ਪਾਲਣ ਨਾ ਕਰਨ ’ਤੇ ‘ਦਿ ਐਪੀਡੈਮਿਕ ਡਿਜ਼ੀਜ਼ ਐਕਟ-1897’ ਦੀ ਵਿਵਸਥਾ ਅਨੁਸਾਰ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਜੇਕਰ ਵਾਪਸੀ ਕਰਨ ਦੇ ਇਕ ਹਫ਼ਤੇ ਦੇ ਅੰਦਰ ਕਿਸੇ ਵੀ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 104 ’ਤੇ ਕਾਲ ਕਰਨੀ ਹੋਵੇਗੀ ਅਤੇ ਸੰਪਰਕ ਕਰਕੇ ਲੋਕਾਂ ਨੂੰ ਲੱਭਣ ਵਿੱਚ ਮਦਦ ਵੀ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਭਾਵੇਂ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਘਰੇਲੂ ਯਾਤਰੀਆਂ ਲਈ ਘਰੇਲੂ ਏਕਾਂਤਵਾਸ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਉਸ ਦੀ ਥਾਂ ’ਤੇ ਸਵੈ-ਨਿਗਰਾਨੀ ਕਰਨ ਲਈ ਆਖਿਆ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਕੋਵਿਡ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਏਕਾਂਤਵਾਸ ਦੀਆਂ ਬੰਦਿਸ਼ਾਂ ਜਾਰੀ ਰਹਿਣਗੀਆਂ।
ਜਾਣਕਾਰੀ ਦੇ ਕੇ ‘ਕੋਵਾ’ ਐਪ ਰੱਖਣੀ ਪਵੇਗੀ ਸਰਗਰਮ
ਜਿਨ੍ਹਾਂ ਯਾਤਰੀਆਂ ਨੂੰ ਇਹ ਛੋਟ ਹਾਸਲ ਹੈ, ਉਨ੍ਹਾਂ ਨੂੰ ‘ਕੋਵਾ’ ਐਪ ’ਤੇ ਮੁਹੱਈਆ ਕਰਵਾਈ ਤੈਅ ਪ੍ਰਕਿਰਿਆ ਵਿੱਚ ਚੈੱਕ ਪੋਸਟ ਦੇ ਅਫ਼ਸਰ ਇੰਚਾਰਜ ਕੋਲ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੂੰ ਆਪਣੇ ਮੋਬਾਈਲਾਂ ’ਤੇ ‘ਕੋਵਾ’ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ ’ਤੇ ਮੁਸਾਫ਼ਰਾਂ ਬਾਰੇ ਸੂਚਨਾ ਵਾਲੇ ਹਿੱਸੇ ਵਿੱਚ ਆਪਣੀ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੂੰ ਇਹ ਘੋਸ਼ਣਾ-ਪੱਤਰ ਦੇਣਾ ਹੋਵੇਗਾ ਕਿ ਪੰਜਾਬ ਵਿੱਚ ਠਾਹਰ ਦੌਰਾਨ ‘ਕੋਵਾ’ ਐਪ ਸਰਗਰਮ ਰੱਖਣੀ ਪਵੇਗੀ।