ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੂਨ
ਦੇਸ਼ ਵਿੱਚ ਚੱਲ ਰਹੇ ਕਰੋਨਾ ਸੰਕਟ ਦੌਰਾਨ ਜਿੱਥੇ ਕੌਮੀ ਪੱਧਰ ਉਪਰ ਯੋਗ ਦਿਵਸ ਬੀਤੇ ਸਾਲਾਂ ਵਾਂਗ ਨਹੀਂ ਮਨਾਇਆ ਜਾ ਸਕਿਆ, ਉੱਥੇ ਹੀ ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਕਰੋਨਾ ਨੇ 6ਵੇਂ ਯੋਗ ਦਿਵਸ ਦੀ ਰੌਣਕ ਫਿੱਕੀ ਕਰ ਦਿੱਤੀ। ‘ਆਨਲਾਈਨ’ ਯੋਗ ਦਿਵਸ ਮਨਾਉਣ ਦਾ ਜ਼ੋਰ ਵੀ ਰਿਹਾ।
ਸੰਸਥਾਵਾਂ, ਸਰਕਾਰੀ ਅਦਾਰਿਆਂ ਵਿੱਚ ਐਤਵਾਰ ਦੀ ਛੁੱਟੀ ਹੋਣ ’ਤੇ ਕਰੋਨਾਵਾਇਰਸ ਕਾਰਨ ਲੱਗੀਆਂ ਭੀੜ ਨਾ ਕਰਨ ਦੀਆਂ ਪਾਬੰਦੀਆਂ ਕਾਰਨ ਪਾਰਕਾਂ, ਜਨਤਕ ਸਥਾਨਾਂ ਵਿਚ ਵੱਡੇ ਪ੍ਰਬੰਧ ਨਹੀਂ ਹੋ ਸਕੇ। ਦਿੱਲੀ ਪੁਲੀਸ ਦੀ ‘ਪੁਲੀਸ ਵੈੱਲਫੇਅਰ ਸੁਸਾਇਟੀ’ ਵੱਲੋਂ ਨਵੀਂ ਦਿੱਲੀ ਵਿਚ 17 ਐੱਮਟੀਸੀ ਵਿੱਚ ਸੁਸਾਇਟੀ ਦੀ ਪ੍ਰਧਾਨ ਪ੍ਰੀਤਮਾ ਸ੍ਰੀਵਾਸਤਵ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ। 10 ਵੈੱਲਫੇਅਰ ਕੇਂਦਰਾਂ ਵਿਚ 15-15 ਪੁਲੀਸ ਵਾਲਿਆਂ ਦੇ ਪਰਿਵਾਰਾਂ ਨੇ ਹਿੱਸਾ ਲਿਆ। ਅਜਿਹੇ ਸਮਾਗਮ ਦੁਆਰਕਾ, ਅਹਾਤਾ ਕਰੀੜਾ, ਜਗਤਪੁਰੀ, ਮਾਲਵੀਆ ਨਗਰ, ਮਾਡਲ ਟਾਊਨ, ਨਰੇਲਾ, ਨਿਊ ਪੁਲੀਸ ਲਾਈਨਜ਼, ਪੀਤਮਪੁਰਾ, ਸ਼ਾਲੀਮਾਰ ਬਾਗ਼ ਤੇ ਵਿਕਾਸਪੁਰੀ ਵਿਚ ਸਵੇਰੇ 7 ਵਜੇ ਮਨਾਏ ਗਏ। ਸਮਾਜਕ ਦੂਰੀ ਦੇ ਨੇਮਾਂ ਦੀ ਪਾਲਣਾ ਕੀਤੀ ਗਈ ਜਿਸ ਕਰ ਕੇ ਵੱਡੇ ਇਕੱਠ ਨਹੀਂ ਕੀਤੇ ਗਏ। 135 ਪ੍ਰਤੀਭਾਗੀਆਂ ਨੇ ‘ਆਨਲਾਈਨ ਯੋਗ ਦਿਵਸ’ ਵਿੱਚ ਹਿੱਸਾ ਲਿਆ।
ਭਾਜਪਾ ਦੇ ਦਿੱਲੀ ਦੇ ਆਗੂਆਂ ਨੇ ਅੱਜ ਯੋਗ ਦਿਵਸ ਮੌਕੇ ‘ਪਰਿਵਾਰਕ ਇੱਕਜੁਟਤਾ’ ਤਹਿਤ ਵੱਖ-ਵੱਖ ਥਾਵਾਂ ਦੇ ਸ਼ਹਿਰੀ ਕੇਂਦਰਾਂ ਵਿਚ ਯੋਗ ਦੀ ਰਸਮ ਅਦਾਇਗੀ ਕੀਤੀ। ਆਰੀਅਨ ਆਰਟ ਗੈਲਰੀ (ਲਾਜਪਤ ਨਗਰ), ਲੋਧੀ ਗਾਰਡਨ, ਸਾਈਂ ਲੀਲਾ ਮੈਦਾਨ, ਤੁਗ਼ਲਕਾਬਾਦ ਦੇ ਐੱਮਸੀਡੀ ਸਕੂਲ (ਲੜਕੇ), ਰੋਹਿਣੀ ਪਾਰਕ ਵਿਚ ਯੋਗ ਦੀਆਂ ਕਸਰਤਾਂ ਕੀਤੀਆਂ ਤੇ ਕਾੜ੍ਹੇ ਦੇ ਪੈਕਟ ਵੰਡੇ।
ਕੇਜਰੀਵਾਲ ਨੇ ਰਿਹਾਇਸ਼ ’ਤੇ ਯੋਗ ਦਿਵਸ ਮਨਾਇਆ
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ਸਿਵਲ ਲਾਈਨਜ਼ ਵਿਚ ਸਵੇਰੇ ਯੋਗ ਦਿਵਸ ਦੇ ਮੱਦੇਨਜ਼ਰ ਕਸਰਤਾਂ ਕੀਤੀਆਂ ਗਈਆਂ। ਚਿੱਟੇ ਕੱਪੜਿਆਂ ਵਿੱਚ ਮੁੱਖ ਮੰਤਰੀ ਆਸਣ ਕਰਦੇ ਨਜ਼ਰ ਆਏ। ਸ੍ਰੀ ਕੇਜਰੀਵਾਲ ਪਹਿਲਾਂ ਹੀ ਯੋਗ ਕਰਦੇ ਹਨ ਤੇ ਪ੍ਰਣਾਇਮ ਤੇ ਆਸਣ ਉਨ੍ਹਾਂ ਦੇ ਜੀਵਨ ਦਾ ਹਿੱਸਾ ਰਹੇ ਹਨ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਯੋਗ ਦਿਵਸ ਮੌਕੇ ਵਧਾਈ ਦਿੱਤੀ ਤੇ ਲੋਕਾਂ ਨੂੰ ਕੋਵਿਡ-19 ਦੀ ਮਹਾਮਾਰੀ ਕਰ ਕੇ ਸਮਾਜਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਦੇ ਹੋਏ ਯੋਗ ਦਿਵਸ ਮਨਾਉਣ ਦੀ ਸਲਾਹ ਦਿੱਤੀ ਗਈ। ਬੀਤੇ ਸਾਲਾਂ ਦੌਰਾਨ ਇੰਡੀਆ ਗੇਟ ਦੇ ਹਰੇ ਭਰੇ ਮੈਦਾਨਾਂ ਸਣੇ ਦਿੱਲੀ ਦੀਆਂ ਖੁੱਲ੍ਹੀਆਂ ਥਾਵਾਂ ਉੱਪਰ ਲੋਕ ਇਕੱਠੇ ਹੋ ਕੇ ਯੋਗ ਕਰਦੇ ਸਨ ਪਰ ਇਸ ਵਾਰ ਬਹੁਤ ਛੋਟੇ ਗੁੱਟਾਂ ਵਿੱਚ ਅਜਿਹਾ ਕਿਤੇ-ਕਿਤੇ ਹੋ ਸਕਿਆ। ਸਰਕਾਰੀ ਪੱਧਰ ਉਪਰ ਕੋਈ ਵਿਸ਼ੇਸ਼ ਸਮਾਗਮ ਨਹੀਂ ਹੋਏ। ਦਿੱਲੀ ਨਗਰ ਨਿਗਮਾਂ ਦੇ ਸਮਾਗਮ ਵੀ ਨਹੀਂ ਹੋਏ।
ਸਿੱਖਿਆ ਮੰਤਰੀ ਨੇ ਘਰ ਵਿੱਚ ਹੀ ਕੀਤਾ ਯੋਗ
ਯਮੁਨਾਨਗਰ (ਪੱਤਰ ਪ੍ਰੇਰਕ): ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਆਪਣੇ ਨਿਵਾਸ ਸਥਾਨ ’ਤੇ ਹੀ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਯੋਗ ਅਭਿਆਸ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਯੋਗ ਹੀ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਵਿੱਚੋਂ ਕੁੱਝ ਪਲ ਯੋਗ ਲਈ ਕੱਢਣੇ ਚਾਹੀਦੇ ਹਨ ਇਸ ਨਾਲ ਸਾਨੂੰ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਨੂੰ ਪੂਰੇ ਵਿਸ਼ਵ ਵਿੱਚ ਇੱਕ ਨਵੀਂ ਪਛਾਣ ਦਿੱਤੀ ਹੈ ਅਤੇ ਸੰਸਾਰ ਦੇ ਵੱਡੇ ਵੱਡੇ ਦੇਸ਼ ਅੱਜ ਯੋਗ ਨੂੰ ਮਹੱਤਵ ਦੇ ਰਹੇ ਹਨ।
ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਘਰ ’ਚ ਕੀਤੇ ਆਸਣ
ਜਵਾਹਰ ਕਲੋਨੀ ਵਿਖੇ ਨੌਜਵਾਨ ਯੋਗ ਦਿਵਸ ਮਨਾਉਂਦੇ ਹੋਏ।
ਫ਼ਰੀਦਾਬਾਦ (ਕੁਲਵਿੰਦਰ ਕੌਰ): ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਵੱਲੋਂ ਆਪਣੇ ਸੈਕਟਰ-29 ਵਿਚ ਨਿੱਜੀ ਰਿਹਾਇਸ਼ ’ਤੇ ਆਪਣੀ ਪਤਨੀ ਨਾਲ ਯੋਗ ਦਿਵਸ ਮੌਕੇ ਆਸਣ ਕੀਤੇ। ਕਰੋਨਾ ਸੰਕਟ ਕਾਰਨ ਸਰਕਾਰੀ ਪੱਧਰ ਉੱਪਰ ਕੋਈ ਸਮਾਗਮ ਨਹੀਂ ਹੋਇਆ ਤੇ ਲੋਕਾਂ ਸਣੇ ਆਗੂਆਂ ਨੇ ਘਰੋ-ਘਰੀਂ ਕੌਮਾਂਤਰੀ ਯੋਗ ਦਿਵਸ ਮੌਕੇ ਆਸਣ ਕੀਤੇ। ਭਾਜਪਾ ਆਗੂਆਂ ਨੇ ਹੀ ਬਹੁਤਾ ਕਰ ਕੇ ਜ਼ੋਰ ਲਾਇਆ ਤੇ ਆਨਲਾਈਨ ਸਣੇ ਸੋਸ਼ਲ ਮੀਡੀਆ ਉਪਰ ਤਸਵੀਰਾਂ ਸਾਂਝੀਆਂ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣ ਗਾਏ। ਇਸੇ ਤਰ੍ਹਾਂ ਜਵਾਹਰ ਕਲੋਨੀ ਵਿਚ ਸਿੱਖ ਨੌਜਵਾਨਾਂ ਵੱਲੋਂ ਸਾਂਝੇ ਤੌਰ ‘ਤੇ ਕੌਮਾਂਤਰੀ ਯੋਗ ਦਿਵਸ ਮੌਕੇ ਹਰੀਦੇਵ ਸੇਵਾ ਟਰੱਸਟ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਜਲਘਰ ਜਵਾਹਰ ਕਲੋਨੀ ਵਿਚ ਇਸ ਸਾਦੇ ਸਮਾਗਮ ਦੌਰਾਨ ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ ਤੇ ਲੁੱਕੀ ਸਣੇ ਹੋਰ ਲੋਕ ਸ਼ਾਮਲ ਹੋਏ। ਡਾ. ਅਸਵਨੀ ਗੌੜ ਵੱੱਲੋਂ ਯੋਗ ਬਾਰੇ ਦੱਸਿਆ ਗਿਆ ਕਿ ਇਹ ਆਸਣ ਰੀੜ੍ਹ ਦੀ ਹੱਡੀ ਲਈ ਬਹੁਤ ਲਾਭਕਾਰੀ ਹੈ। ਇਸ ਨਾਲ ਇਸ ਹੱਡੀ ਦਾ ਟੇਢਾਪਣ, ਸਲਿੱਪ ਡਿਸਕ ਠੀਕ ਹੁੰਦੀ ਹੈ ਤੇ ਵਾਧੂ ਚਰਬੀ ਘਟਦੀ ਹੈ। ਸੈਕਟਰ-21ਏ ਵਿਚ ਵੀ ਚੋਣਵੇਂ ਲੋਕਾਂ ਵੱਲੋਂ ਯੋਗ ਕੀਤਾ ਗਿਆ। ਡਿਪਟੀ ਕਮਿਸ਼ਨਰ ਯੋਗੇਪਾਲ ਯਾਦਵ ਵੱਲੋਂ ਕੈਂਪਸ ਵਿਚਲੀ ਆਪਣੀ ਰਿਹਾਇਸ਼ ’ਤੇ ਯੋਗ ਕਰਨ ਦੀ ਵੀਡੀਓ ਸਾਂਝੀ ਕੀਤੀ ਗਈ। ਲੋਕਾਂ ਨੇ ਪਰਿਵਾਰਾਂ ਨਾਲ ਯੋਗ ਦਿਵਸ ਮਨਾਇਆ।