ਮਕਬੂਲ ਅਹਿਮਦ
ਕਾਦੀਆਂ, 14 ਜੁਲਾਈ
ਵਿਭਾਗ ਵਿੱਚ ਅਧਿਕਾਰੀਆਂ ਦੀ ਕਮੀ ਹੋਣ ਕਾਰਨ ਪੰਜਾਬ ’ਚ ਰਹਿੰਦੀਆਂ ਪਾਕਿਸਤਾਨੀ ਵਿਆਂਦੜਾਂ ਦੇ ਵੀਜ਼ਿਆਂ ’ਚ ਵਾਧਾ ਅਤੇ ਭਾਰਤੀ ਨਾਗਰਿਕਤਾ ਦੇਣ ਸਬੰਧੀ ਕੰਮਕਾਜ ਰੁਕ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੋਮ ਐਂਡ ਜਸਟਿਸ (ਪਾਸਪੋਰਟ ਸ਼ਾਖ਼ਾ) ਵਿਭਾਗ, ਚੰਡੀਗੜ੍ਹ ਵੱਲੋਂ ਪੰਜਾਬ ’ਚ ਵਿਆਹੀਆਂ ਪਾਕਿਸਤਾਨੀ ਲੜਕੀਆਂ ਦੇ ਵੀਜ਼ਿਆਂ ’ਚ ਵਾਧੇ ਅਤੇ ਨਾਗਰਿਕਤਾ ਦਿੱਤੇ ਜਾਣ ਦਾ ਮਾਮਲਾ ਦੇਖਿਆ ਜਾਂਦਾ ਹੈ। ਇਸ ਵਿਭਾਗ ’ਚ ਸਬੰਧਿਤ ਸਹਾਇਕ ਅਧਿਕਾਰੀ ਦੀ ਤਾਇਨਾਤੀ ਨਾ ਹੋਣ ਕਾਰਨ ਵੀਜ਼ਿਆਂ ’ਚ ਵਾਧੇ ਅਤੇ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੇ ਮਾਮਲੇ ਲਟਕ ਗਏ ਹਨ। ਪਹਿਲਾਂ ਇਹ ਮਾਮਲੇ ਨਵਦੀਪ ਸਿੰਘ ਵੱਲੋਂ ਵੇਖੇ ਜਾਂਦੇ ਸਨ। ਮਗਰੋਂ ਇਸ ਸੀਟ ’ਤੇ ਦੂਜਾ ਅਧਿਕਾਰੀ ਤਾਇਨਾਤ ਕਰ ਦਿੱਤਾ ਗਿਆ ਪਰ ਉਸ ਦੀ ਤਰੱਕੀ ਹੋਣ ਤੋਂ ਬਾਅਦ ਇਥੇ ਕੋਈ ਅਧਿਕਾਰੀ ਤਾਇਨਾਤ ਨਹੀਂ ਹੈ। ਇਸ ਕਾਰਨ ਪਾਕਿਸਤਾਨੀ ਵਿਆਂਦੜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਇਸ ਸਬੰਧੀ ਕਾਦੀਆਂ ਦੇ ਕੌਂਸਲਰ ਗਗਨਦੀਪ ਸਿੰਘ ਭਾਟੀਆ ਨੇ ਪੰਜਾਬ ਸਰਕਾਰ ਅਤੇ ਸਪੈਸ਼ਲ ਚੀਫ਼ ਸੈਕਟਰੀ (ਹੋਮ) ਸਤੀਸ਼ ਚੰਦਰ ਨੂੰ ਅਪੀਲ ਕੀਤੀ ਹੈ ਕਿ ਵਿਭਾਗ ਦੇ ਇਸ ਖਾਲੀ ਅਹੁਦੇ ’ਤੇ ਜਲਦੀ ਕੋਈ ਅਧਿਕਾਰੀ ਤਾਇਨਾਤ ਕੀਤਾ ਜਾਵੇੇ।