ਰਵਿੰਦਰ ਰਵੀ
ਬਰਨਾਲਾ, 8 ਜੂਨ
ਸਥਾਨਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਕੁੱਝ ਅਧਿਆਪਕਾਵਾਂ ਨੇ ਆਪਣੀਆਂ ਮੰਗਾਂ ਸਬੰਧੀ ਆਈਟੀਆਈ ਚੌਕ ਵਿਚ ਬਣੀ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਦਿਖਾਵਾ ਕੀਤਾ। ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਅਧਿਆਪਕਾਵਾਂ ’ਚ ਸ਼ਾਮਲ ਸੀਮਾ ਮਿੱਤਲ, ਅੰਮ੍ਰਿਤ ਪਾਲ ਕੌਰ, ਲਖਵੀਰ ਕੌਰ, ਪ੍ਰਭਜੀਤ ਕੌਰ ਤੇ ਕਿਰਨਦੀਪ ਕੌਰ ਸਕੂਲ ਪ੍ਰਿੰਸੀਪਲ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੀਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਕੂਲ ਦੀ ਅਧਿਆਪਕਾ ਰਵਿੰਦਰ ਕੌਰ ਵੱਲੋਂ ਆਪਣੀਆਂ ਕੁੱਝ ਸਾਥੀ ਅਧਿਆਪਕਾਵਾਂ ਸਣੇ ਪ੍ਰਿੰਸੀਪਲ ਸੇਵਾਮੁਕਤ ਕਰਨਲ ਸੁਮਾਂਚੀ ਸ੍ਰੀ ਨਿਵਾਸਨੂੰ ’ਤੇ ਗੰਭੀਰ ਦੋਸ਼ ਲਾ ਕੇ ਪੁਲੀਸ ਕੇਸ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਅਧਿਆਪਕਾਵਾਂ ਅਤੇ ਸਕੂਲ ਪ੍ਰਿੰਸੀਪਲ ਨੂੰ ਡੀਐੱਸਪੀ ਬਲਜੀਤ ਸਿੰਘ ਬਰਾੜ ਨੇ ਅੱਜ ਪੜਤਾਲ ’ਚ ਸ਼ਾਮਲ ਹੋਣ ਲਈ ਬੁਲਾਇਆ ਸੀ ਤੇ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਗਏ ਸਨ।
ਡੀਐੱਸਪੀ ਵੱਲੋਂ ਦੋਵੇਂ ਧਿਰਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਪਰ ਅਧਿਆਪਕਾਵਾਂ ਡੀਐੱਸਪੀ ਵੱਲੋਂ ਦਿੱਤੇ ਭਰੋਸੇ ਨੂੰ ਦਰਕਿਨਾਰ ਕਰਦਿਆਂ ਰੋਸ ਵਜੋਂ ਟੈਂਕੀ ’ਤੇ ਚੜ੍ਹ ਗਈਆਂ। ਇਸ ਮਸਲੇ ਨੂੰ ਸੁਲਝਾਉਣ ਲਈ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਕੰਵਲ ਕੌਰ ਤੇ ਸੰਜੇ ਸਿੰਗਲਾ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਸੀ ਪਰ ਅਧਿਆਪਕਾਵਾਂ ਵੱਲੋਂ ਸਿੱਖਿਆ ਅਧਿਕਾਰੀ ਨਾਲ ਮਸਲੇ ਦੇ ਹੱਲ ਲਈ ਕੋਈ ਗੱਲਬਾਤ ਨਹੀਂ ਕੀਤੀ ਗਈ। ਉਹ ਇਸ ਗੱਲ ’ਤੇ ਅੜੀਆਂ ਰਹੀਆਂ ਕਿ ਜਦੋਂ ਤੱਕ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੋਈ ਗੱਲ ਨਹੀਂ ਕੀਤੀ ਜਾਵੇਗੀ। ਕਿਸੇ ਅਣਸੁਖ਼ਾਵੀਂ ਘਟਨਾ ਦੇ ਡਰੋਂ ਵੱਡੇ ਪੱਧਰ ’ਤੇ ਪੁਲੀਸ ਫੋਰਸ ਲਾਈ ਹੋਈ ਸੀ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਨੇ ਆਪਣਾ ਪੱਖ ਪੁਲੀਸ ਕੋਲ ਰੱਖ ਦਿੱਤਾ ਤੇ ਸਾਰੇ ਸਬੂਤ ਪੁਲੀਸ ਦੇ ਸਪੁਰਦ ਕਰ ਦਿੱਤੇ ਹਨ।
ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ: ਡੀਐੱਸਪੀ
ਇਸ ਸਬੰਧੀ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ ਅਤੇ ਪੜਤਾਲ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।