ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 14 ਜੁਲਾਈ
ਰਾਜ ਸਭਾ ਸਕੱਤਰੇਤ ਨੇ ਸਾਬਕਾ ਵਿੱਤ ਮੰਤਰੀ ਅਤੇ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਦੇ ਨਾਂ ’ਤੇ ‘ਐਂਪਲਾਈਜ਼ ਵੈਲਫੇਅਰ ਸਕੀਮ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸਕੱਤਰੇਤ ਵੱਲੋਂ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਯੋਜਨਾ ਜੇਤਲੀ ਦੀ ਪਤਨੀ ਸੰਗੀਤਾ ਜੇਤਲੀ ਦੇ ਫੈਸਲੇ ਦੇ ਅਧਾਰ ’ਤੇ ਬਣਾਈ ਅਤੇ ਪ੍ਰਵਾਨ ਕੀਤੀ ਗਈ ਹੈ, ਜਿਸ ਨੇ ਸਕੱਤਰੇਤ ਦੇ ਗਰੁੱਪ ‘ਸੀ’ ਕਰਮਚਾਰੀਆਂ ਦੇ ਲਾਭ ਲਈ ਪਰਿਵਾਰਕ ਪੈਨਸ਼ਨ ਦਾਨ ਕੀਤੀ ਸੀ।” ਇਸ ਯੋਜਨਾ ਨੂੰ ਗੁਰੱਪ ਸੀ ਦੇ ਮੁਲਾਜ਼ਮਾਂ ਲਈ ‘ਅਰੁਣ ਜੇਤਲੀ ਵਿੱਤੀ ਸਹਾਇਤਾ’ ਸਕੀਮ ਦਾ ਨਾਂ ਦਿੱਤਾ ਗਿਆ ਹੈ।
ਸਕੱਤਰੇਤ ਦੇ ਗਰੁੱਪ ‘ਸੀ’ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਹੋਵੇਗਾ। ਇਸ ਤਹਿਤ ਉਨ੍ਹਾਂ ਨੂੰ ਇੰਜੀਨੀਅਰਿੰਗ, ਮੈਡੀਸਨ ਅਤੇ ਐਮਸੀਏ/ ਐਮਬੀਏ/ ਐਲਐਲਬੀ ਖੇਤਰਾਂ ਵਿਚ ਉੱਚ ਤਕਨੀਕੀ/ ਪੇਸ਼ੇਵਰ ਸਿੱਖਿਆ ਲਈ ਤਿੰਨ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮੌਤ ਹੋਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਵੀ ਵਿੱਤੀ ਮਦਦ ਦਿੱਤੀ ਜਾਵੇਗੀ। ’’ ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਅਰੁਣ ਜੇਤਲੀ ਦੀ ਪਰਿਵਾਰਕ ਪੈਨਸ਼ਨ 3 ਲੱਖ ਰੁਪਏ ਤੋਂ ਵੱਧ ਬਣਦੀ ਹੈ ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਨੇ ਪਿਛਲੇ ਸਾਲ ਸ੍ਰੀ ਜੇਤਲੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੈਨਸ਼ਨ ਰਾਜ ਸਭਾ ਸਕੱਤਰੇਤ ਨੂੰ ਤਬਦੀਲ ਕਰ ਦਿੱਤੀ ਸੀ। ਪਰਿਵਾਰ ਨੇ ਪਿਛਲੇ ਸਾਲ ਹੀ ਜੇਤਲੀ ਦੇ ‘ਪਰਉਪਕਾਰੀ ਅਤੀਤ’ ਦੇ ਅਧਾਰ ’ਤੇ ਸਾਬਕਾ ਵਿੱਤ ਮੰਤਰੀ ਦੀ ਪੈਨਸ਼ਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਾਜ ਸਭਾ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ, ਮਰਹੂਮ ਜੇਤਲੀ ਦੀ ਪਤਨੀ ਨੇ ਕਿਹਾ ਸੀ ਕਿ ਇਹ ਪੈਨਸ਼ਨ ਦਰਜਾ ਚਾਰ ਰਾਜ ਸਭਾ ਮੁਲਾਜ਼ਮਾਂ ਨੂੰ ਦਿੱਤੀ ਜਾਵੇ। ਦੱਸਣਯੋਗ ਹੈ ਕਿ ਮਰਹੂਮ ਭਾਜਪਾ ਆਗੂ ਦੀ ਲੰਬੀ ਬਿਮਾਰੀ ਬਾਅਦ 24 ਅਗਸਤ, 2019 ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਮੌਤ ਹੋ ਗਈ ਸੀ।