ਖੇਤਰੀ ਪ੍ਰਤੀਨਿਧ
ਬਰਨਾਲਾ, 8 ਜੂਨ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪੜਾਅਵਾਰ ਅਨਲੌਕ ਤਹਿਤ ਸ਼ਾਪਿੰਗ ਮਾਲ, ਰੈਸਤਰਾਂ, ਹੋਟਲ ਤੇ ਧਾਰਮਿਕ ਸਥਾਨ ਖੋਲ੍ਹਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਸ਼ਾਪਿੰਗ ਮਾਲ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣਗੇ। ਮਾਲ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ। ਘੱਟੋ-ਘੱਟ 6 ਫੁੱਟ ਦੀ ਦੂਰੀ ਯਕੀਨੀ ਬਣਾਉਣ, ਤੰਦਰੁਸਤਾਂ ਲਈ ਲਿਫਟ ਦੀ ਵਰਤੋਂ ਨਾ ਕਰਨ ਅਤੇ ਰੈਸਤਰਾਂ ਤੇ ਫੂਡ ਕੋਰਟ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ਾਮ 8 ਵਜੇ ਤੱਕ ਹੋਮ ਡਲਿਵਰੀ ਦੀ ਇਜਾਜ਼ਤ ਹੈ। ਮਹਿਮਾਨਾਂ ਲਈ ਹੋਟਲ ਖੁੱਲ੍ਹੇ ਰਹਿ ਸਕਣਗੇ। ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱੱਕ ਕਰਫਿਊ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਧਾਰਮਿਕ ਸਥਾਨ ਸਵੇਰੇ 5 ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਇੱਕ ਵੇਲੇ 20 ਤੱਕ ਵਿਅਕਤੀ ਸ਼ਾਮਲ ਅੰਦਰ ਰਹਿ ਸਕਣਗੇ ਜਦੋਂਕਿ ਲੰਗਰ/ਪ੍ਰਸ਼ਾਦ ਜਾਂ ਹੋਰ ਖਾਣ ਦੀ ਵਸਤੂ ਵੰਡਣ ਦੀ ਆਗਿਆ ਨਹੀਂ ਹੋਵੇਗੀ।
ਮਾਨਸਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਹੋਟਲ, ਰੈਸਤਰਾਂਂ, ਧਾਰਮਿਕ ਸਥਾਨਾਂ ਨੂੰ ਸਾਰੇ ਦਿਨ ਵਿਸ਼ੇਸ਼ ਸ਼ਰਤਾਂ ਸਹਿਤ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕੁਝ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਰੈਸਟੋਰੈਂਟ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਰੈਸਟੋਰੈਂਟ ਸਵੇਰੇ 8 ਤੋਂ ਰਾਤ 8 ਵਜੇ ਤੱਕ ਹੋਮ ਡਲਿਵਰੀ ਦੀ ਸਰਵਿਸ ਜਾਰੀ ਰੱਖਣਗੇ। ਰੈਸਟੋਰੈਂਟ ਦੇ ਪ੍ਰਬੰਧਕਾਂ ਵੱਲੋਂ ਮਾਸਕ ਪਹਿਨਣਾ, ਸਮਾਜਿਕ ਦੂਰੀ ਅਤੇ ਹੱਥ ਧੋਣ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ।