ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 20 ਜੂਨ
ਇਨਕਲੂਸਿਵ ਐਜੂਕੇਸ਼ਨ ਵਾਲੰਟੀਅਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੁਭਾਸ਼ ਗਨੋਟਾ ਅਤੇ ਕੁਲਵਿੰਦਰ ਸਿੰਘ ਨਾੜੂ ਨੇ ਅੱਜ ਦਿੜ੍ਹਬਾ ਵਿੱਚ ਯੂਨੀਅਨ ਦੀ ਮੀਟਿੰਗ ਉਪਰੰਤ ਦੱਸਿਆ ਕਿ ਕੱਚੇ ਆਈਈਵੀ, ਐਸਟੀਆਰ, ਏਆਈਈ, ਈਜੀਐਸ ਅਧਿਆਪਕ ਖੇਤਾਂ ਵਿੱਚ ਝੋਨਾ ਲਗਾ ਕੇ ਤੇ ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਭਰ ਰਹੇ ਹਨ ਜਦ ਕਿ ਦੂਜੇ ਪਾਸੇ ਉਨ੍ਹਾਂ ਨੂੰ ਲੋਕਾਂ ਟਿੱਚਰਾਂ ਕਰਕੇ ਅਜਿਹੇ ਸਵਾਲ ਪੁੱਛਦੇ ਹਨ ਕਿ ਮਾਸਟਰ ਜੀ ਤੁਸੀਂ ਤਾਂ ਅਧਿਆਪਕ ਬਣ ਕੇ ਵੀ ਮਜ਼ਦੂਰੀ ਕਰ ਰਹੇ ਹੋ ਫਿਰ ਅਸੀਂ ਆਪਣੇ ਬੱਚੇ ਪੜ੍ਹਾ ਕੇ ਕੀ ਕਰੋਗੇ। ਜਦਕਿ ਅਸਲ ਸਚਾਈ ਤਾਂ ਇਹ ਹੈ ਕਿ ਉਨ੍ਹਾਂ ਨੂੰ ਮਿਲਦੀ ਥੋੜ੍ਹੀ ਜਿਹੀ ਤਨਖਾਹ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਜਿਸ ਕਰਕੇ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਕਾਰਨ ਉਨ੍ਹਾਂ ਦਾ ਮਜ਼ਦੂਰੀ ਕਰਨਾ ਕੋਈ ਸ਼ੌਕ ਨਹੀਂ ਬਲਕਿ ਮਜਬਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਕਈ ਵਾਰ ਵਾਅਦਾ ਕਰ ਚੁੱਕੀ ਹੈ ਪਰ ਅਜੇ ਤੱਕ ਵਾਅਦਾ ਵਫ਼ਾ ਨਹੀਂ ਹੋਇਆ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਜਲਦੀ ਰੈਗੂਲਰ ਕਰਕੇ ਆਪਣਾ ਵਾਅਦਾ ਪੂਰਾ ਕਰੇ।