ਰਵੇਲ ਸਿੰਘ ਭਿੰਡਰ
ਪਟਿਆਲਾ, 8 ਜੂਨ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਲੰਗਰ ਤੇ ਕੜਾਹ ਪ੍ਰਸ਼ਾਦ ਗੁਰਦੁਆਰੇ ਦੀ ਮਰਯਾਦਾ ਦਾ ਅਹਿਮ ਅੰਗ ਹੈ, ਜਿਸ ’ਤੇ ਮਨਾਹੀ ਜਾਇਜ਼ ਨਹੀਂ ਹੈ। ਲਿਹਾਜ਼ਾ, ਮਨਾਹੀ ਦੇ ਫੈਸਲੇ ਬਾਰੇ ਮੁੜ ਤੋਂ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਪੱਤਰ ਰਾਹੀਂ ਸਥਿਤੀ ਤੋਂ ਜਾਣੂ ਵੀ ਕਰਾਇਆ ਗਿਆ ਹੈ। ਭਾਈ ਲੌਂਗੋਵਾਲ ਵੱਲੋਂ ਇਹ ਪ੍ਰਗਟਾਵਾ ਅੱਜ ਇਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਦਰਸ਼ਨੀ ਡਿਉੜੀ ’ਚ ਥਰਮਲ ਸਕਰੀਨਿੰਗ ਕੀਤੇ ਜਾਣ ਦੀ ਸ਼ੁਰੂਆਤ ਮਗਰੋਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਗੁਰਦੁਆਰਾ ਸਾਹਿਬ ਖੋਲ੍ਹੇ ਜਾਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਮੰਗ ਚੁੱਕੀ ਗਈ ਸੀ।ਲਿਹਾਜ਼ਾ, ਅੱਜ ਨਵੀਆਂ ਗਾਈਡਲਾਈਨਜ਼ ਨਾਲ ਗੁਰਦੁਆਰਾ ਸਾਹਿਬ ਖੁੱਲੇ ਹਨ, ਜਿਸ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰਦੀ ਹੈ।
ਉਨ੍ਹਾਂ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ਨੂੰ ਸੁਚੇਤ ਰਹਿਣ ਦੇ ਨਾਲ ਨਾਲ ਕੋਵਿੰਡ-19 ਦੀ ਪਾਲਣਾ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾਂ ਤੇ ਸੰਗਤਾਂ ਨੂੰ ਸਮਾਜਕ ਦੂਰੀ ਰੱਖਣ ਦੀ ਪ੍ਰੇਰਨਾ ਦਿੰਦਿਆਂ ਮਾਸਕ ਵੀ ਵੰਡੇ। ਕਰੋਨਾ ਮਹਾਂਮਾਰੀ ਦੇ ਪ੍ਰਭਾਵ ਤੋਂ ਸੰਗਤਾਂ ਤੋਂ ਬਚਾਉਣ ਲਈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ’ਚ ਥਰਮਲ ਸਕਰੀਨਿੰਗ ਤੇ ਸੈਨੇਟਾਈਜੇਸ਼ਨ ਦੀ ਵਿਵਸਥਾ ਕੀਤੇ ਜਾਣ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀਆਂ ਵੱਖ-ਵੱਖ ਥਾਵਾਂ ’ਤੇ ਕੋਵਿੰਡ-19 ਦੀਆਂ ਹਦਾਇਤਾਂ ਨਾਲ ਸਬੰਧਤ ਸਾਈਨ ਬੋਰਡ ਵੀ ਲਗਾਏ ਗਏ ਹਨ।