ਰਵੇਲ ਸਿੰਘ ਭਿੰਡਰ
ਪਟਿਆਲਾ, 24 ਜੁਲਾਈ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੀਆਂ ਬੈਰੀਕੇਟ ਲਾ ਕੇ ਰੋਕਾਂ ਦੇ ਬਾਵਜੂਦ ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਦਾ ਘਿਰਾਓ ਕਰਨ ਮਗਰੋਂ ਮੰਗ ਪੱਤਰ ਦਿੱਤਾ ਗਿਆ। ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਤਾਇਨਾਤ ਸੁਰਖਿਆ ਅਮਲੇ ਵੱਲੋਂ ਵਿਦਿਆਰਥੀਆਂ ਨੂੰ ਕੋਵਿਡ ਪ੍ਰੋਟੋਕੋਲ ਤੇ ਧਾਰਾ 144 ਕਾਰਨ ਕੈਂਪਸ ਅੰਦਰ ਜਾਣ ਤੋਂ ਬੈਰੀਕੇਟ ਜਰੀਏ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦੀ ਅੰਦਰ ਜਾਣ ਦੀ ਜਿੱਦ ਅੱਗੇ ਆਖ਼ਿਰ ਸੁਰੱਖਿਆ ਅਮਲਾ ਕਮਜ਼ੋਰ ਪੈ ਗਿਆ ਤੇ ਵਿਦਿਆਰਥੀਆਂ ਵੱਡੇ ਜਲੂਸ ਦੀ ਸ਼ਕਲ ’ਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਵੱਲ ਵਹੀਰਾਂ ਘੱਤ ਲਈਆਂ। ਅਜਿਹੇ ਦੌਰਾਨ ਵੀਸੀ ਦਫ਼ਤਰ ਅੱਗੇ ਲਗਾਏ ਗਏ ਰੋਸ ਧਰਨੇ ਨੂੰ ਸੰਬੋਧਨ ਦੌਰਾਨ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ‘ਲਲਕਾਰ’ ਦੇ ਸੂਬਾ ਆਗੂ ਗੁਰਪ੍ਰੀਤ ਤੇ ਪੰਜਾਬ ਸਟੂਡੈਂਟਸ ਯੂਨੀਅਨ ‘ਸ਼ਹੀਦ ਰੰਧਾਵਾ’ ਦੇ ਹੁਸ਼ਿਆਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੁਆਰਾ ਯੂਨੀਵਰਸਿਟੀ ਕਾਲਜਾਂ ’ਚ ਪੜ੍ਹਦੇ ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਭਰਵਾਉਣ ਦਾ ਜੋ ਐਲਾਨ ਕੀਤਾ ਹੈ ਉਹ ਵਾਜ਼ਬਿ ਨਹੀਂ ਹੈ, ਜਿਸਨੂੰ ਵਾਪਿਸ ਲਿਆ ਜਾਵੇ। ਆਗੂਆਂ ਨੇ ਕਿਹਾ ਕਿ ਅਜਿਹੇ ਹੁਕਮ ਵਿਦਿਆਰਥੀਆਂ ਨਾਲ ਧੱਕਾ ਹਨ। ਉਨ੍ਹਾਂ ਮੰਗ ਕੀਤੀ ਇਹ ਐਲਾਨ ਤੁਰੰਤ ਵਾਪਸ ਲੈਂਦਿਆਂ ਸਾਰੇ ਵਿਦਿਆਰਥੀਆਂ ਦਾ ਪੀਟੀਏ ਫੰਡ ਲੈਣਾ ਬੰਦ ਕੀਤਾ ਜਾਵੇ। ਨਾਜਾਇਜ਼ ਜੁਰਮਾਨੇ ਵਸੂਲਣੇ ਬੰਦ ਕੀਤੇ ਜਾਣ। ਪ੍ਰਾਸਪੈਕਟਸ ਦੀ ਫੀਸ ਲੈਣੀ ਬੰਦ ਕੀਤੀ ਜਾਵੇ, ਯੂਨੀਵਰਸਿਟੀ ਕਾਲਜਾਂ ’ਚ ਵਿਦਿਆਰਥੀਆਂ ਦੇ ਜਮਹੂਰੀ ਹੱਕ ਦਬਾਉਣੇ ਬੰਦ ਕੀਤੇ ਜਾਣ, ਯੂਨੀਵਰਸਿਟੀ ਕਾਲਜਾਂ ਵਿਚਲੇ ਫੰਡਾਂ ਨੂੰ ਵਰਤਣ ਲਈ ਵਿਦਿਆਰਥੀ ਕਮੇਟੀਆਂ ਬਣਾਈਆਂ ਜਾਣ, ਗੈਸਟ ਫਿਰਤੀ ਅਧਿਆਪਕਾਂ ਦੀਆਂ ਤਨਖ਼ਾਹਾਂ ਸਰਕਾਰੀ ਖ਼ਜ਼ਾਨੇ ਚੋਂ ਤੁਰੰਤ ਜਾਰੀ ਕੀਤੀਆਂ ਜਾਣ। ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬੱਤਰਾ ਵੱਲੋਂ ਮੰਗ ਪੱਤਰ ਪੜ੍ਹੇ ਜਾਣ ਤੋਂ ਬਾਅਦ ਭਰੋਸਾ ਦਿੱਤਾ ਕਿ ਇਕ ਹਫ਼ਤੇ ਅੰਦਰ ਮੰਗਾਂ ਦਾ ਹੱਲ ਕੀਤਾ ਜਾਵੇਗਾ।