ਦਰਸ਼ਨ ਸਿੰਘ ਸੋਢੀ/ਸ਼ਸ਼ੀਪਾਲ ਜੈਨ
ਐੱਸਏਐੱਸ ਨਗਰ (ਮੁਹਾਲੀ)/ਖਰੜ, 13 ਜੁਲਾਈ
ਮੁਹਾਲੀ ਜ਼ਿਲ੍ਹਾ ਪੁਲੀਸ (ਦਿਹਾਤੀ) ਨੇ 24 ਘੰਟੇ ਦੇ ਅੰਦਰ ਅੰਦਰ ਪਿੰਡ ਸਕਰੂਲਾਂਪੁਰ ਵਿੱਚ ਸੱਤ ਦੇ ਮਾਸੂਮ ਬੱਚੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਝਾਉਂਦਿਆਂ ਗੁਆਂਢਣ ਔਰਤ ਅਮਨਦੀਪ ਕੌਰ ਉਰਫ਼ ਸ਼ਿਵਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਔਰਤ ਨੇ ਬੱਚੇ ਨੂੰ ਕਤਲ ਸਬੰਧੀ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਅਨੁਸਾਰ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮੁਲਜ਼ਮ ਔਰਤ ਨੇ ਔਲਾਦ ਦਾ ਸੁੱਖ ਪਾਉਣ ਲਈ ਆਪਣੇ ਗੁਆਂਢੀਆਂ ਦੇ ਬੱਚੇ ਦੀ ਬਲੀ ਦਿੱਤੀ ਗਈ ਜਾਪਦੀ ਹੈ। ਅਮਨਦੀਪ ਨੇ ਹਰਪ੍ਰੀਤ ਸਿੰਘ ਉਰਫ਼ ਤੋਤਾ ਨਾਲ ਤੀਜਾ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਦੋ ਲੜਕੀਆਂ ਨੂੰ ਮਰਨ ਦਿੱਤਾ ਸੀ ਪਰ ਜਨਮ ਤੋਂ ਬਾਅਦ ਦੋਵੇਂ ਬੱਚੀਆਂ ਫੌਤ ਹੋ ਗਈਆਂ। ਇਸ ਤਰ੍ਹਾਂ ਉਸ ਨੇ ਔਲਾਦ ਦੇ ਸੁੱਖ ਲਈ ਸਿਆਣਿਆਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਇਕ ਅਖੌਤੀ ਬਾਬੇ ਨੇ ਉਸ ਨੂੰ ਔਲਾਦ ਦਾ ਸੁੱਖ ਪਾਉਣ ਲਈ ਕਿਸੇ ਬੱਚੇ ਦੀ ਬਲੀ ਦੇਣ ਦੀ ਗੱਲ ਆਖੀ। ਜਿਸ ਕਾਰਨ ਮੁਲਜ਼ਮ ਔਰਤ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮ੍ਰਿਤਕ ਬੱਚੇ ਦੀ ਲਾਸ਼ ਮੁਲਜ਼ਮ ਔਰਤ ਦੇ ਘਰ ਪਿੱਛੋਂ ਬਰਾਮਦ ਕੀਤੀ ਗਈ ਹੈ।
ਐਸਪੀ ਗਰੇਵਾਲ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਜੇਕਰ ਬੱਚੇ ਦੀ ਬਲੀ ਦੇਣ ਵਾਲੀ ਗੱਲ ਸਾਬਤ ਹੋਈ ਤਾਂ ਸਬੰਧਤ ਬਾਬੇ ਨੂੰ ਵੀ ਤਲਬ ਕਰਕੇ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਦਾ ਅਸਲ ਕਾਰਨ ਬਾਰੇ ਪੋਸਟ ਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ।