ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਜੁਲਾਈ
ਪਿੰਡ ਸਰਾਭਾ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਘਰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਪਿਛਲੇ ਦਿਨੀਂ ਪਏ ਸੀਜ਼ਨ ਦੇ ਪਹਿਲੇ ਮੀਂਹ ਮਗਰੋਂ ਸ਼ਹੀਦ ਦੇ ਜੱਦੀ ਘਰ ਦੀਆਂ ਕੰਧਾਂ ਵਿੱਚ ਉੱਤਰੀ ਸਿੱਲ੍ਹ ਅਤੇ ਕੰਧਾਂ ਤੋਂ ਉੱਖੜਿਆ ਰੰਗ-ਰੋਗਨ ਦੱਸਦਾ ਹੈ ਕਿ ਸਰਕਾਰ ਨੇ ਕਈ ਸਾਲਾਂ ਤੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਸ਼ਹੀਦ ਦੇ ਘਰ ਨੂੰ ਯਾਦਗਾਰ ਦਾ ਦਰਜਾ ਦਿੱਤੇ ਜਾਣ ਮਗਰੋਂ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਹੱਥ ਦਿੱਤੀ ਗਈ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ’ਚੋਂ ਲੰਘਦੀ ਲੁਧਿਆਣਾ-ਰਾਏਕੋਟ ਸੜਕ ਦਾ ਨਾਮਕਰਨ ਸ਼ਹੀਦ ਦੇ ਨਾਂ ’ਤੇ ਕਰਨ ਵੇਲੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ਹੀਦ ਦੇ ਬੁੱਤ ਤੋਂ ਸੁਧਾਰ ਬਾਜ਼ਾਰ ਵੱਲ ਜਾਂਦੀ ਸੜਕ ਨੂੰ 18 ਫੁੱਟ ਚੌੜੀ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਮਾਰਗ ’ਤੇ ਸ਼ਹੀਦ ਦੇ ਬੁੱਤ ਲਾਗੇ ਹੀ ਗੰਦੇ ਪਾਣੀ ਦਾ ਛੱਪੜ ਬਣਿਆ ਹੋਇਆ ਹੈ। ਅੱਜ ਇਨਕਲਾਬ ਜ਼ਿੰਦਾਬਾਦ ਲਹਿਰ ਦੇ ਕੁਝ ਨੌਜਵਾਨਾਂ ਨੇ ਇਸ ਖੜ੍ਹੇ ਪਾਣੀ ਵਿੱਚ ਝੋਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਉੱਧਰ ਪਿੰਡ ਵਿਚ ਸ਼ਹੀਦ ਦੇ ਘਰ ਨੂੰ ਜਾਣ ਵਾਲੇ ਸਾਰੇ ਰਸਤੇ ਗੰਦੇ ਪਾਣੀ ਨਾਲ ਭਰੇ ਹਨ।
ਪੁਰਾਤੱਤਵ ਵਿਭਾਗ ਵੱਲੋਂ ਸ਼ਹੀਦ ਦੇ ਘਰ ਦੀ ਦੇਖਭਾਲ ਲਈ ਨਿਯੁਕਤ ਨਿਗਰਾਨ ਸੁਭਾਸ਼ ਸਿੰਘ ਘਰ ਦੀ ਸਾਫ਼-ਸਫ਼ਾਈ ਰੱਖਦਾ ਹੈ। ਉਸ ਨੇ ਦੱਸਿਆ ਕਿ ਮੀਂਹ ਕਾਰਨ ਬਣੀ ਘਰ ਦੀ ਮਾੜੀ ਹਾਲਾਤ ਸਬੰਧੀ ਵਿਭਾਗ ਦੇ ਚੰਡੀਗੜ੍ਹ ਸਥਿਤ ਦਫ਼ਤਰ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰ ਹਾਲੇ ਤੱਕ ਕੋਈ ਤਸੱਲੀਯੋਗ ਕਾਰਵਾਈ ਨਹੀਂ ਹੋਈ।
ਬਲਾਕ ਵਿਕਾਸ ਅਫ਼ਸਰ ਨੂੰ ਫੌਰੀ ਕਾਰਵਾਈ ਦੀ ਹਦਾਇਤ
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਇਸ ਹਲਕੇ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਗਲੀਆਂ-ਨਾਲੀਆਂ ਦੇ ਮਾਮਲੇ ਵਿਚ ਬਲਾਕ ਵਿਕਾਸ ਅਫ਼ਸਰ ਨੂੰ ਫ਼ੌਰੀ ਕਾਰਵਾਈ ਲਈ ਹਦਾਇਤਾਂ ਦੇ ਦਿੱਤੀਆਂ ਹਨ। ਪਿੰਡ ਨੂੰ ਇਕ ਕਰੋੜ ਦੀ ਗਰਾਂਟ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੁਰਾਤੱਤਵ ਵਿਭਾਗ ਨੂੰ ਸ਼ਹੀਦ ਦੇ ਘਰ ਵੱਲ ਫ਼ੌਰੀ ਤਵੱਜੋ ਦੇਣ ਲਈ ਕਹਿਣਗੇ।