ਪੱਤਰ ਪ੍ਰੇਰਕ
ਪਠਾਨਕੋਟ, 7 ਜੂਨ
ਸਰਨਾ ਅੱਡਾ ਕੋਲ ਸੜਕ ਕਿਨਾਰੇ ਪੈਂਦੀਆਂ ਝਾੜੀਆਂ ਵਿੱਚੋਂ ਅੱਜ ਇੱਕ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਸ਼ਨਾਖਤ ਰਾਜਵਿੰਦਰ ਸਿੰਘ (37) ਵਾਸੀ ਪਿੰਡ ਲਖੋਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਅਤੇ ਉਹ ਟਰੱਕ ਡਰਾਈਵਰ ਸੀ। ਉਹ ਆਪਣੇ ਹੋਰ ਸਾਥੀਆਂ ਨਾਲ ਇਸ ਖੇਤਰ ਅੰਦਰ ਟਰੱਕ ਲੈ ਕੇ ਆਇਆ ਹੋਇਆ ਸੀ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਰਾਜਵਿੰਦਰ ਸਿੰਘ ਦੇ ਸਾਥੀ ਇੱਕ ਹੋਰ ਟਰੱਕ ਡਰਾਈਵਰ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਸਵੇਰੇ 6 ਵਜੇ ਤੋਂ ਪਹਿਲਾਂ ਠੀਕ-ਠਾਕ ਆਪਣੇ ਟਰੱਕ ਵਿੱਚ ਸੁੱਤਾ ਹੋਇਆ ਸੀ ਤੇ ਫਿਰ ਉਹ ਉੱਠ ਕੇ ਜੰਗਲ ਪਾਣੀ ਲਈ ਬਾਹਰ ਗਿਆ ਤੇ ਫਿਰ ਵਾਪਸ ਨਹੀਂ ਆਇਆ। ਉਸ ਦੀ ਥੋੜੀ ਦੇਰ ਬਾਅਦ ਹੀ ਲਾਸ਼ ਨੇੜੇ ਝਾੜੀਆਂ ’ਚ ਪਈ ਮਿਲੀ ਪਰ ਉਸ ਦੇ ਸਰੀਰ ਉਪਰ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਸੀ।
ਸੂਚਨਾ ਮਿਲਣ ’ਤੇ ਥਾਣਾ ਸਦਰ ਦੇ ਮੁਖੀ ਬਲਵਿੰਦਰ ਕੁਮਾਰ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ।
ਥਾਣਾ ਮੁਖੀ ਦਾ ਕਹਿਣਾ ਸੀ ਕਿ ਮੁੱਢਲੀ ਪੜਤਾਲ ਵਿੱਚ ਮੌਤ ਹਾਰਟ ਅਟੈਕ ਨਾਲ ਹੋਈ ਜਾਪਦੀ ਹੈ ਪਰ ਮੌਤ ਦੇ ਅਸਲ ਕਾਰਨ ਦਾ ਪਤਾ ਤਾਂ ਪੋਸਟ ਮਾਰਟਮ ਦੀ ਰਿਪੋਰਟ ਆਉਣ ਬਾਅਦ ਹੀ ਲੱਗ ਸਕੇਗਾ।