ਪੱਤਰ ਪ੍ਰੇਰਕ
ਦੇਵੀਗੜ, 13 ਜੁਲਾਈ
ਹਲਕਾ ਸਨੌਰ ਅੰਦਰ ਪਿਛਲੇ ਦੋ-ਦਿਨ ਤੋਂ ਹੋਈ ਭਾਰੀ ਬਰਸਾਤ ਨਾਲ ਹਲਕੇ ਸਨੌਰ ਦੇ ਪਿੰਡਾਂ ’ਚ ਪੈਂਦੀ ਮੀਰਾਂਪੁਰ ਚੋਅ ਨਦੀ ਦੇੇ ਨੱਕੋ-ਨੱਕ ਭਰਨ ਕਾਰਨ ਹੜ੍ਹ ਦੀ ਸਥਿਤੀ ਬਣ ਗਈ। ਇਸ ਹੜ੍ਹ ਦੇ ਪਾਣੀ ਨੇ ਕਿਸਾਨਾਂ ਵੱਲੋਂ ਲਗਾਈਆਂ ਝੋਨੇ ਦੀਆਂ ਫ਼ਸਲਾਂ, ਸਬਜ਼ੀਆਂ ਅਤੇ ਹਰੇ ਚਾਰੇ ਦਾ ਭਾਰੀ ਨੁਕਸਾਨ ਕਰ ਕੇ ਰੱਖ ਦਿੱਤਾ ਹੈ। ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਅਮਨ ਰਣਜੀਤ ਸਿੰਘ ਨੈਣਾਂ ਨੇ ਪਿੰਡ ਨੌਗਾਵਾਂ, ਕਰਤਾਰਪੁਰ, ਅਲੀਪੁਰ ਜੱਟਾਂ ਤੇ ਅਲੀਪੁਰ ਥੇਹ ਦਾ ਦੌਰਾ ਕਰਨ ਸਮੇਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਅਤੇ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਇੰਚਾਰਜ ਸਨੌਰ ਵੱਲੋਂ ਸਰਕਲ ਦੇ ਪਿੰਡਾਂ ਦੀ ਮੰਗ ਤੇ ਪਿੰਡ ਨੌਗਾਵਾਂ ਨੇੜੇ ਮੀਰਾਂਪੁਰ ਚੋਅ ਨਦੀ ’ਤੇ ਤੰਗ ਪੁਲ ਦੀ ਥਾਂ ਨਵੇਂ ਵੱਡੇ ਪੁਲ ਦੀ ਉਸਾਰੀ ਕਰਵਾ ਕੇ ਇਨ੍ਹਾਂ ਪਿੰਡਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਵੱਡਾ ਉਪਰਾਲਾ ਕੀਤਾ ਹੈ। ਇਸ ਪੁਲ ਦੇ ਬਣਨ ਨਾਲ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਦੀ ਮਾਰ ਹੇਠੋਂ ਬਚ ਜਾਣਗੀਆਂ। ਸ੍ਰੀ ਨੈਣਾਂ ਨੇ ਕਿਹਾ ਕਿ ਹਲਕੇ ਅੰਦਰ ਕਿਸਾਨਾਂ ਦੀਆਂ ਫ਼ਸਲਾਂ ਦੇ ਹੜ੍ਹ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ।