ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 13 ਜੁਲਾਈ
ਲਗਾਤਾਰ ਹੋਈ ਬਰਸਾਤ ਕਾਰਨ ਦਰਜਨਾਂ ਕਿਸਾਨਾਂ ਦੀ ਝੋਨੇ ਦੀ ਫਸਲ ਮੀਂਹ ਦੇ ਪਾਣੀ ’ਚ ਡੁੱਬ ਗਈ ਹੈ। ਪਿੰਡ ਕਾਂਝਲਾ ਦੇ ਗੁਰਦੀਪ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਗੋਗੀ ਆਦਿ ਦਾ ਕਹਿਣਾ ਹੈ ਕਿ ਜਿਥੇ ਮੀਂਹ ਪੈਣ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਨੀਵੇਂ ਖੇਤਾਂ ’ਚ ਤਿੰਨ ਤਿੰਨ ਫੁੱਟ ਪਾਣੀ ਖੜ੍ਹਨ ਤੇ ਘਰਾਂ ਅੱਗੇ ਗਲੀਆਂ ਨਾਲੀਆਂ ਧਸਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਵੀ ਵਾਧਾ ਹੋਇਆ ਹੈ। ਕਿਸਾਨ ਆਗੂ ਕਰਨੈਲ ਸਿੰਘ, ਚਮਕੌਰ ਸਿੰਘ, ਗੁਰਜੀਤ ਸਿੰਘ, ਛਿੰਦਰ ਸਿੰਘ ਆਦਿ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਝੋਨਾ ਲਾਉਣ ਸਮੇਂ ਕਰੋਨਾਂ ਦੀ ਮਹਾਂਮਾਰੀ ਕਾਰਨ ਪਰਵਾਸੀ ਮਜ਼ਦੂਰਾਂ ਦੀ ਘਾਟ ਹੋਣ ਕਾਰਨ ਮਹਿੰਗੀ ਭਾਅ ਝੋਨੇ ਦੀ ਫਸਲ ਲਗਾਉਣੀ ਪਈ।
ਹੁਣ ਜੇ ਇੱਕ-ਅੱਧਾ ਦਿਨ ਮੀਂਹ ਇਸੇ ਤਰ੍ਹਾਂ ਹੋਰ ਪੈਂਦਾ ਰਿਹਾ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋ ਸਕੀ ਤਾਂ ਇਨ੍ਹਾਂ ਪਿੰਡਾਂ ਲੱਡਾ, ਕਾਂਝਲਾ, ਪੁੰਨਾਵਾਲ, ਚੰਗਾਲ, ਹਰੇੜੀ, ਖਿੱਲਰੀਆਂ, ਬਡਰੁੱਖਾਂ, ਭੰਮਾਵੱਦੀ, ਦੁੱਗਾਂ, ਉਭਾਵਾਲ, ਨੱਤਾਂ, ਕਿਲ੍ਹਾ ਹਕੀਮਾਂ, ਬਹਾਦਰਪੁਰ ਆਦਿ ਪਿੰਡਾਂ ਦੇ ਵੱਡੀ ਗਿਣਤੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਮਰ ਜਾਵੇਗੀ।