ਪੱਤਰ ਪ੍ਰੇਰਕ
ਚੰਡੀਗੜ੍ਹ, 7 ਜੂਨ
ਪ੍ਰਗਤੀਸ਼ੀਲ ਲੇਖਕ ਸੰਘ ਨੇ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਪੱਤਰਕਾਰ ਤੇ ਐਂਕਰ ਵਿਨੋਦ ਦੂਆ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ।
ਸੰਘ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਭਾਜਪਾ ਦੇ ਤਰਜ਼ਮਾਨ ਨਵੀਨ ਕੁਮਾਰ ਦੀ ਸ਼ਿਕਾਇਤ ’ਤੇ ਵਿਨੋਦ ਦੂਆ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ ਕਿ ਉਸ ਨੇ ਦਿੱਲੀ ਦੰਗਿਆਂ ਬਾਰੇ ਗ਼ਲਤ ਸੂਚਨਾਵਾਂ ਪ੍ਰਸਾਰਿਤ ਕੀਤੀਆਂ ਹਨ। ਹੁਣੇ-ਹੁਣੇ ਐਮਨੈਸਟੀ ਇੰਟਰਨੈਸ਼ਨਲ ਜਥੇਬੰਦੀ ਦੇ ਭਾਰਤੀ ਚੈਪਟਰ ਦੇ ਸਾਬਕਾ ਮੁਖੀ ਆਕਾਰ ਪਟੇਲ ਖ਼ਿਲਾਫ਼ ਵੀ ਇਸ ਲਈ ਕੇਸ ਦਰਜ ਕੀਤਾ ਗਿਆ ਕਿ ਉਸ ਨੇ ਭਾਰਤ ਦੇ ਘੱਟ-ਗਿਣਤੀ ਫ਼ਿਰਕਿਆਂ ਨੂੰ ਜਾਰਜ ਫ਼ਲਾਇਡ ਦੇ ਸਮਰਥਕਾਂ ਵਾਂਗ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ। ਸੰਘ ਨੇ ਆਕਾਰ ਪਟੇਲ ਤੇ ਵਿਨੋਦ ਦੂਆ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੁੰਨੀਲਨ, ਕਾਰਜਕਾਰੀ ਪ੍ਰਧਾਨ ਡਾ. ਅਲੀ ਜਾਵੇਦ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਅਤੇ ਕੇਂਦਰੀ ਸਕੱਤਰੇਤ ਮੈਂਬਰ ਵਿਨੀਤ ਤਿਵਾੜੀ ਨੇ ਕਿਹਾ ਕਿ ਵਿਨੋਦ ਦੂਆ ਰਾਸ਼ਟਰੀ ਖਿਆਤੀ ਵਾਲਾ ਪ੍ਰਤੀਬੱਧ ਪੱਤਰਕਾਰ ਹੈ, ਜੋ ਭਾਜਪਾ ਸਰਕਾਰ ਦੀਆਂ ਫ਼ਾਸ਼ੀਵਾਦੀ ਨੀਤੀਆਂ ਦਾ ਬੇਬਾਕੀ ਨਾਲ ਵਿਰੋਧ ਕਰਦਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਇਕ ਰਾਸ਼ਟਰ, ਇਕ ਧਰਮ ਤੇ ਇਕ ਭਾਸ਼ਾ’ ਦੇ ਹਿੰਦੂਤਵਵਾਦੀ ਏਜੰਡੇ ਦੀ ਪੂਰਤੀ ਲਈ ਲਗਾਤਾਰ ਮਨੁੱਖੀ ਅਧਿਕਾਰਾਂ, ਜਮਹੂਰੀਅਤ ਤੇ ਸੰਵਿਧਾਨ ਦੀ ਸੈਕੂਲਰ ਦਿੱਖ ਨੂੰ ਢਾਹ ਲਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਸਿੱਧੇ ਅਸਿੱਧੇ ਪ੍ਰਤੀਬੰਧ ਅਤੇ ਹਮਲੇ ਬੰਦ ਕਰੇ।