ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਦੀ ਬਹੁਤੀ ਆਬਾਦੀ ਦੀ ਤ੍ਰੇਹ ਬੁਝਾਉਂਦੀ ਯਮੁਨਾ ਨਦੀ ਮੁੜ ਗੰਦੀ ਹੋ ਗਈ ਹੈ ਤੇ ਇਸ ਵਿੱਚੋਂ ਮੁੜ ਬਦਬੂ ਆਉਣ ਲੱਗੀ ਹੈ। ਲੌਕਡਾਊਨ ਦੇ ਲਾਗੂ ਹੋਣ ਤੋਂ ਕੁੱਝ ਦਿਨ ਮਗਰੋਂ ਹੀ ਇਸ ਅਹਿਮ ਦਰਿਆ ਦਾ ਪਾਣੀ ਸਾਫ਼ ਹੋ ਗਿਆ ਸੀ ਤੇ ਯਮੁਨਾ ਦੇ ਪਾਣੀ ਵਿੱਚ ਮੱਛੀਆਂ ਵੀ ਵੱਧਣ-ਫੁੱਲਣ ਲੱਗੀਆਂ ਸਨ। ਅਨਲੌਕ-1 ਦਾ ਗੇੜ ਸ਼ੁਰੂ ਹੋਣ ਮਗਰੋਂ ਸਨਅਤੀ ਇਲਾਕਿਆਂ ਵਿੱਚ ਮੁੜ ਸਰਗਰਮੀਆਂ ਵਧੀਆਂ ਤੇ ਕੁੱਝ ਕਾਰੋਬਾਰ ਵੀ ਸ਼ੁਰੂ ਹੋਏ।
ਇਸ ਮਗਰੋਂ ਸਨਅਤੀ ਇਲਾਕਿਆਂ ਦਾ ਗੰਧਲਾ ਪਾਣੀ ਮੁੜ ਦਰਿਆ ਵਿੱਚ ਪੈਣਾ ਸ਼ੁਰੂ ਹੋ ਗਿਆ। ਬਾਜ਼ਾਰ ਵੀ ਖੁੱਲ੍ਹਣ ਲੱਗੇ ਹਨ ਅਤੇ ਉਨ੍ਹਾਂ ਪਾਣੀ ਜਾਂ ਕੱਚਰਾ ਯਮੁਨਾ ਵਿੱਚ ਵਹਿਣ ਲੱਗਿਆ ਹੈ। ਫੈਕਟਰੀਆਂ ਵਿੱਚੋਂ ਨਿਕਲਣ ਵਾਲੀਆਂ ਗੰਦੀਆਂ ਚੀਜ਼ਾਂ ਮੁੜ ਯਮੁਨਾ ਦੇ ਪਾਣੀ ਵਿੱਚ ਮਿਲਣ ਲੱਗੀਆਂ ਹਨ। ਦਿੱਲੀ ਦੀ ਆਬਾਦੀ ਦੇ ਵੱਡੇ ਹਿੱਸੇ ਨੂੰ ਯਮੁਨਾ ਨਦੀ ਤੋਂ ਸ਼ੁੱਧ ਕੀਤਾ ਪਾਣੀ ਹੀ ਪੀਣ ਲਈ ਮਿਲਦਾ ਹੈ ਤੇ ਦਿੱਲੀ ਸਰਕਾਰ ਵੱਲੋਂ ਇਸ ਨਦੀ ਦੇ ਕੰਢਿਆਂ ਉਪਰ ਟਿਊਬਵੈੱਲ ਲਾ ਕੇ ਤੇ ਪਲਾਂਟ ਵਧਾ ਕੇ ਮੁਫ਼ਤ ਪਾਣੀ ਦੀ ਯੋਜਨਾ ਤਹਿਤ 200 ਲਿਟਰ ਪਾਣੀ ਦਿੱਤਾ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਾਰੀਆਂ ਸਰਗਰਮੀਆਂ ਵਿੱਚ ਖੜੋਤ ਆ ਗਈ ਸੀ ਜਿਸ ਕਰਕੇ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਵੀ ਬਹੁਤ ਘੱਟ ਗਿਆ ਸੀ। ਦਿੱਲੀ ਸਰਕਾਰ ਵੱਲੋਂ ਪਾਣੀ ਦੇ ਸ਼ੁੱਧ ਹੋਣ ਤੇ ਹਵਾ ਦਾ ਪ੍ਰਦੂਸ਼ਣ ਸਹੀ ਹੋਣ ਬਾਰੇ ਜਾਂਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਦਿੱਲੀ ਜਲ ਬੋਰਡ ਵੱਲੋਂ ਵੀ ਪਾਣੀ ਦੇ ਲੌਕਡਾਊਨ ਦੌਰਾਨ ਸ਼ੁੱਧ ਹੋਣ ਵੱਲ ਧਿਆਨ ਦਿੱਤਾ ਸੀ। ਹੁਣ ਨਦੀ ਦੇ ਪਾਣੀ ਦੇ ਗੰਧਲਾ ਹੋਣ ਦਾ ਪਤਾ ਇਸ ਉਪਰ ਬਣੇ ਬੈਰਾਜਾਂ ਵਿੱਚੋਂ ਨਿਕਲਦੇ ਪਾਣੀ ਤੋਂ ਲੱਗਦਾ ਹੈ ਜਿੱਥੇ ਝੱਗ ਹੀ ਝੱਗ ਵਿਖਾਈ ਦਿੰਦੀ ਹੈ। ਹਾਲਾਂਕਿ ਮੀਂਹਾਂ ਦੌਰਾਨ ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਲੱਗਦਾ ਹੈ ਤੇ ਰੁਕਿਆ ਪਾਣੀ ਪ੍ਰਵਾਹ ਨਾਲ ਅੱਗੇ ਨਿਕਲ ਜਾਂਦਾ ਹੈ।