ਜੰਮੂ: ਜੰਮੂ ਤੋਂ ਅੱਜ ਤਿੰਨ ਵਿਸ਼ੇਸ਼ ਊਡਾਣਾਂ ਰਾਹੀਂ 366 ਪਰਵਾਸੀਆਂ ਨੂੰ ਊੜੀਸਾ ਭੇਜਿਆ ਗਿਆ। ਇਹ ਸਾਰੇ ਤਾਲਾਬੰਦੀ ਕਾਰਨ ਇੱਥੇ ਫਸੇ ਹੋਏ ਸਨ। ਊਨ੍ਹਾਂ ਨੇ ਇਸ ਲਈ ਊੜੀਸਾ ਦੀ ਸਰਕਾਰ ਅਤੇ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਰਵਾਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਮਜ਼ਦੂਰ ਸਨ, ਨੂੰ ਜੰਮੂ ਦੇ ਏਡੀਸੀ ਤਾਹਿਰ ਫਿਰਦੌਸ ਦੀ ਨਿਗਰਾਨੀ ਹੇਠ ਸਰਕਾਰੀ ਬੱਸਾਂ ਰਾਹੀਂ ਵੱਖ-ਵੱਖ ਥਾਵਾਂ ਤੋਂ ਜੰਮੂ ਹਵਾਈ ਅੱਡੇ ’ਤੇ ਲਿਆਂਦਾ ਗਿਆ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਊੜੀਸਾ ਲਈ 122 ਯਾਤਰੀਆਂ ਵਾਲੀ ਪਹਿਲੀ ਊਡਾਣ ਸਵੇਰੇ 9:30 ਵਜੇ ਰਵਾਨਾ ਕੀਤੀ ਗਈ ਜਦਕਿ ਦੂਜੀਆਂ ਦੋੋਵੇਂ ਊਡਾਣਾਂ ਵੀ 122-122 ਯਾਤਰੀ ਲੈ ਕੇ ਕ੍ਰਮਵਾਰ ਸਵੇਰੇ 10:20 ਵਜੇ ਅਤੇ 11:30 ਵਜੇ ਰਵਾਨਾ ਹੋਈਆਂ। ਏਡੀਸੀ ਫਿਰਦੌਸ ਤਾਹਿਰ, ਜੋ ਕਿ ਹਵਾਈ ਅੱਡੇ ’ਤੇ ਹਾਜ਼ਰ ਸਨ, ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਊਡਾਣਾਂ ਦਾ ਪ੍ਰਬੰਧ ਊੜੀਸਾ ਸਰਕਾਰ ਵੱਲੋਂ ਕੀਤਾ ਗਿਆ ਸੀ।
-ਪੀਟੀਆਈ