ਖੁੱਲ੍ਹੀ ਚਰਚਾ ਦੀ ਰੀਤ
13 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਹਰਵਿੰਦਰ ਭੰਡਾਲ ਦਾ ਲੇਖ ‘ਇਨਸਾਫ਼ ਅਤੇ ਖੁੱਲ੍ਹੀ ਚਰਚਾ ਬਾਰੇ ਫ਼ਿਕਰਮੰਦੀ’ ਪੜ੍ਹਿਆ। ਲੇਖਕ ਸੰਸਾਰ ਦੇ ਸਾਹਿਤ, ਕਲਾ ਅਤੇ ਬੁੱਧੀਜੀਵੀ ਖੇਤਰ ਦੇ ਮੰਨੀਆਂ ਪ੍ਰਮੰਨੀਆਂ 153 ਹਸਤੀਆਂ ਦੇ ‘ਇਨਸਾਫ਼ ਤੇ ਖੁੱਲ੍ਹੀ ਚਰਚਾ ਬਾਰੇ ਖ਼ਤ’ ਨੂੰ ਲੈ ਕੇ ਲਿਖਦਾ ਹੈ: ‘‘ਸਾਡੇ ਮੁਲਕ ਦੀ ਹਕੂਮਤ ਤਾਂ ਫ਼ਾਸ਼ੀਵਾਦ ਦੀਆਂ ਅਲਾਮਤਾਂ ਦੇ ਨੇੜੇ-ਤੇੜੇ ਵਿਚਰ ਰਹੀ ਹੈ। ਹਰ ਤਰ੍ਹਾਂ ਦੇ ਵਿਰੋਧੀ ਵਿਚਾਰਾਂ ਦਾ ਗਲਾ ਘੁੱਟਣ ਦੀ ਮਨਸ਼ਾ ਇਸ ਨੇ ਕਦੇ ਲੁਕੋ ਕੇ ਨਹੀਂ ਰੱਖੀ।’’ ਇਸ ਦਾ ਸੱਚ ਸਭ ਨੂੰ ਕਬੂਲ ਕੇ ਹੀ ਸਮੂਹਿਕ ਫ਼ਿਕਰਮੰਦੀ ਸ਼ੁਰੂ ਹੋ ਸਕਦੀ ਹੈ। ਦਰਅਸਲ ਇਨਸਾਫ਼ ਬਾਰੇ ਖੁੱਲ੍ਹੀ ਚਰਚਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਰਿਹਾ। 11 ਜੁਲਾਈ ਨੂੰ ਅਭੈ ਸਿੰਘ ਦਾ ਲੇਖ ‘ਸਰਹੱਦਾਂ ਦੇ ਝਗੜੇ ਹੱਲ ਕਿਵੇਂ ਹੋਣ’ ਕੌਮਾਂਤਰੀ ਭਾਈਚਾਰੇ ਨੂੰ ਸਰਹੱਦੀ ਝਗੜਿਆਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਨੇਕ ਸਲਾਹ ਦਿੰਦਾ ਹੈ। ਲੇਖਕ ਮੁਤਾਬਿਕ ਸਾਡੇ ਦੇਸ਼ ਦੀ ਕੌਮਾਂਤਰੀ ਪੱਧਰ ਦੇ ਅਦਾਰਿਆਂ ਵਿਚ ਕਾਰਗੁਜ਼ਾਰੀ ਵਾਜਬ ਨਹੀਂ ਰਹੀ। ਸਮੂਹਿਕ ਮਾਨਸਿਕਤਾ ਵੱਲ ਦੇਖੀਏ ਤਾਂ ਸਿੱਟਾ ਇਹ ਹੈ ਕਿ ਅਸੀਂ ਕਹਿੰਦੇ ਕੁਝ ਹਾਂ ਅਤੇ ਕਰਦੇ ਕੁਝ ਹਾਂ।
|ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਜਮਹੂਰੀ ਦੇਸ਼ ਵਿਚ ਤਾਨਾਸ਼ਾਹੀ
13 ਜੁਲਾਈ ਦੇ ਸੰਪਾਦਕੀ ‘ਸੋਸ਼ਲ ਮੀਡੀਆ ਉੱਤੇ ਰੋਕ’ ਵਿਚ ਸਹੀ ਲਿਖਿਆ ਹੈ ਕਿ ਜਮਹੂਰੀ ਦੇਸ਼ ’ਚ ਤਾਨਾਸ਼ਾਹੀ ਫ਼ੈਸਲਿਆਂ ਲਈ ਕੋਈ ਥਾਂ ਨਹੀਂ ਹੁੰਦੀ। ਕਰੋਨਾ ਦੀ ਆੜ ’ਚ ਸਾਡੇ ਹਾਕਮ, ਅਫ਼ਸਰ ਆਦਿ ਇਕ ਦੂਜੇ ਦੀ ਦੇਖਾ ਦੇਖੀ ਤੇ ਇਕ ਦੂਜੇ ਤੋਂ ਵਧ ਚੜ੍ਹ ਕੇ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੇ ਹਨ। ਸਮੁੱਚੇ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਨਾਲ ਤਾਂ ਸਗੋਂ ਸੁਣੀਆਂ-ਸੁਣਾਈਆਂ ਗੱਲਾਂ ਨਾਲ ਵਧੇਰੇ ਅਫ਼ਵਾਹਾਂ ਫੈਲਣਗੀਆਂ। 10 ਜੁਲਾਈ ਨੂੰ ‘ਮਨੁੱਖੀ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ’ ਵਿਚ ਅਸਲੀਅਤ ਬਿਆਨ ਕੀਤੀ ਹੈ। ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਹੁਣ ਦਵਾਈਆਂ ’ਤੇ ਖ਼ਰਚ ਹੋਣ ਲੱਗ ਪਿਆ ਹੈ। ਇਸ ਗੱਲ ਲਈ ਮੈਡੀਕਲ ਕਿੱਤੇ ’ਚ ਆਈ ਵਪਾਰਕ ਸੋਚ ਜ਼ਿੰਮੇਵਾਰ ਹੈ। ਸਭ ਨੂੰ ਆਪਣੀ ਆਮਦਨ, ਸਮਾਂ, ਦਵਾਈਆਂ ’ਤੇ ਖ਼ਰਚ ਕਰਨ ਦੀ ਥਾਂ ਤੰਦਰੁਸਤੀ ਕਾਇਮ ਰੱਖਣ ’ਤੇ ਲਾਉਣੇ ਚਾਹੀਦੇ ਹਨ।
ਸੋਹਣ ਲਾਲ ਗੁਪਤਾ, ਪਟਿਆਲਾ
ਥਰਮਲ ਦੀ ਵਿਰਾਸਤ
11 ਜੁਲਾਈ ਨੂੰ ਡਾ. ਲਾਭ ਸਿੰਘ ਖੀਵਾ ਦਾ ਮਿਡਲ ‘ਥਰਮਲ ਵਾਲੀ ਵਿਰਾਸਤ’ ਸੱਚਮੁੱਚ ਬਠਿੰਡੇ ਨਾਲ ਜੁੜੇ ਲੋਕਾਂ ਲਈ ਭਾਵੁਕ ਰਚਨਾ ਹੈ। ਛੋਟੇ ਹੁੰਦਿਆਂ ਇਹ ਥਰਮਲ ਬਣਨ ਤੋਂ ਥੋੜ੍ਹਾ ਸਮਾਂ ਬਾਅਦ ਅਸੀਂ ਵੀ ਆਪਣੇ ਪਿਤਾ ਜੀ ਨਾਲ ਕਿਲ੍ਹੇ ਅਤੇ ਥਰਮਲ ਨੂੰ ਦੇਖਿਆ ਸੀ ਅਤੇ ਇਸ ਦੇ ਟਾਵਰਾਂ ਦੇ ਨੇੜੇ ਖੜ੍ਹ ਕੇ ਉਪਰ ਤੋਂ ਡਿੱਗਦੀਆਂ ਠੰਢੀਆਂ ਬੂੰਦਾਂ ਦਾ ਲੁਤਫ਼ ਉਠਾਇਆ ਸੀ। ਸਰਕਾਰ ਦੇ ਇਸ ਦੇ ਵਜੂਦ ਨੂੰ ਖ਼ਤਮ ਕਰਨ ਦੇ ਤੁਗਲਕੀ ਫੈਸਲੇ ਨਾਲ ਮਨ ਨੂੰ ਹੀ ਖੋਹ ਜਿਹੀ ਪਈ ਹੈ। ਪੰਜਾਬ ਦੀਆਂ ਸਰਕਾਰਾਂ ਰਾਜ ਦਾ ਭਵਿੱਖ ਵੀ ਅਤੇ ਅਤੀਤ ਦੋਹਾਂ ਨੂੰ ਨੇਸਤੋਂ ਨਾਬੂਦ ਕਰਨ ’ਤੇ ਉਤਾਰੂ ਹਨ।
ਗੁਰਸ਼ਰਨ ਕੌਰ, ਮੋਗਾ
(2)
ਮੇਰੇ ਗਰਾਈਂ ਡਾ. ਲਾਭ ਸਿੰਘ ਖੀਵਾ ਨੇ ਮਿਡਲ ‘ਥਰਮਲ ਵਾਲੀ ਵਿਰਾਸਤ’ ਵਿਚ ਬਠਿੰਡਾ ਥਰਮਲ ਪਲਾਂਟ ਦੀ ਮੌਜੂਦਾ ਹਾਲਤ ਦਾ ਵਰਨਣ ਕੀਤਾ ਹੈ ਅਤੇ ਇਸ ਥਰਮਲ ਪਲਾਂਟ ਦੀ ਸ਼ੁਰੂਆਤ ਤੋਂ ਅੱਜ ਦੀ ਤਰਸਯੋਗ ਹਾਲਤ ਨੂੰ ਬਾਖੂ਼ਬੀ ਚਿਤਰਿਆ ਹੈ। ਵਿਦੇਸ਼ਾਂ ਵਿਚ ਅਜਿਹੀਆਂ ਇਮਾਰਤਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਪੰਜਾਬ ਸਰਕਾਰ ਨੂੰ ਇਸ ਇਮਾਰਤ ਨੂੰ ਮਲਬੇ ਦੀ ਢੇਰੀ ਬਣਾਉਣ ਤੋਂ ਪਹਿਲਾਂ ਇਕ ਵਾਰ ਸੈਲਾਨੀਆਂ ਲਈ ਵਿਰਾਸਤ ਵਜੋਂ ਵਰਤਣ ਲਈ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ।
ਗਗਨਦੀਪ ਸਿੰਘ, ਭਾਈਰੂਪਾ (ਬਠਿੰਡਾ)
(3)
ਡਾ. ਲਾਭ ਸਿੰਘ ਖੀਵਾ ਦਾ ਮਿਡਲ ਬਠਿੰਡ ਦੀ ਵਿਰਾਸਤ ਥਰਮਲ ਪਲਾਂਟ ਦੇ ਰੂਬਰੂ ਕਰਵਾਉਂਦਾ ਹੈ। ਚਾਰ ਕੂਲਿੰਗ ਟਾਵਰਾਂ, ਚਿਮਨੀਆਂ ਤੇ ਝੀਲਾਂ ਬਠਿੰਡੇ ਦੀ ਸ਼ਾਨਦਾਰ ਵਿਰਾਸਤ ਹਨ। ਨੇਤਾ ਕਹਿੰਦੇ ਹਨ ਕਿ ਇਹ ਬੁੱਢਾ ਹੋ ਗਿਆ ਹੈ ਜਦੋਂ ਕਿ ਥਰਮਲ ਬਹੁਤ ਸਸਤੀ ਬਿਜਲੀ ਪੈਦਾ ਕਰ ਰਿਹਾ ਸੀ।
ਗੁਰਚਰਨ ਖੇਮੋਆਣਾ, ਬਠਿੰਡਾ
ਆਰਥਿਕ ਅਸਮਾਨਤਾ
10 ਜੁਲਾਈ ਨੂੰ ਡਾ. ਸ.ਸ. ਛੀਨਾ ਨੇ ‘ਆਰਥਿਕ ਅਸਮਾਨਤਾ ਤੇ ਸਰਕਾਰੀ ਯੋਜਨਾਵਾਂ’ ਲੇਖ ਵਿਚ ਦੱਸਿਆ ਹੈ ਕਿ ਬੇਰੁਜ਼ਗਾਰੀ ਤੇ ਗ਼ਰੀਬੀ ਦਾ ਮੁੱਖ ਕਾਰਨ ਆਮਦਨੀ ਦੀ ਨਾ-ਬਰਾਬਰੀ ਹੈ। ਭਾਰਤ ਵਿਚ 22% ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ, ਬਹੁਤ ਸਾਰੇ ਲੋਕ ਜਿਹੜੇ ਘੱਟੋ-ਘੱਟ ਪ੍ਰਤੀ ਦਿਨ 25 ਤੋਂ 32 ਰੁਪਏ ਵੀ ਕਮਾਉਂਦੇ ਹਨ, ਵੀ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹਨ। ਸਰਕਾਰ ਗ਼ਰੀਬੀ ਦੂਰ ਕਰਨ ਲਈ ਯੋਜਨਾਵਾਂ ਬਣਾਉਂਦੀ ਹੈ। ਹੁਣ ‘ਗ਼ਰੀਬ ਕਲਿਆਣ ਯੋਜਨਾ’ ਦਾ ਐਲਾਨ ਕੀਤਾ ਗਿਆ ਹੈ ਜਿਸ ਦਾ ਮਕਸਦ ਮਹਾਮਾਰੀ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਨਾ ਹੈ ਪਰ ਇਹ ਹੱਲ ਕੁਝ ਸਮੇਂ ਲਈ ਹੀ ਹੈ। ਗ਼ਰੀਬੀ ਦੂਰ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਸਰਕਾਰ ਨੂੰ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਨਾਲ ਅਮੀਰਾਂ ਕੋਲ ਪਏ ਵਾਧੂ ਧਨ ਜੋ ਕਦੇ ਖ਼ਰਚਿਆ ਨਹੀਂ ਜਾਂਦਾ, ਨੂੰ ਨਿਵੇਸ਼ ਕਰ ਕੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਅਜਿਹਾ ਕਰਨ ਨਾਲ ਆਮਦਨੀ ਦੀ ਨਾ-ਬਰਾਬਰੀ ਵੀ ਘਟਾਈ ਜਾ ਸਕਦੀ ਹੈ।
ਹਰਪ੍ਰੀਤ ਕੌਰ, ਗੋਨਿਆਣਾ
ਇਨਸਾਨੀਅਤ
10 ਜੁਲਾਈ ਨੂੰ ਛਪਿਆ ਮਿਡਲ ‘ਇਨਸਾਨੀਅਤ ਨੂੰ ਸਲਾਮ’ ਪੜ੍ਹ ਕੇ ਆਪਣੀ ਜ਼ਿੰਦਗੀ ਨਾਲ ਜੁੜੀ ਗੱਲ ਯਾਦ ਆ ਗਈ। ਇਹ ਗੱਲ 2010-11 ਦੀ ਹੈ। ਅਸੀਂ ਪੋਲੋ ਗਰਾਊਂਡ ਕੋਲ ਇਕ ਡਾਕਟਰ ਨੂੰ ਮਿਲਣਾ ਸੀ। ਰਾਜਿੰਦਰਾ ਹਸਪਤਾਲ ਅੱਗਿਓਂ ਰਿਕਸ਼ਾ ਲਿਆ, ਰਿਕਸ਼ੇ ਵਾਲਾ ਅੱਧਖੜ ਜਿਹੀ ਉਮਰ ਦਾ ਸੀ ਤੇ ਐਨਕ ਲੱਗੀ ਹੋਈ ਸੀ। ਦਸੰਬਰ ਦਾ ਮਹੀਨਾ ਸੀ, ਧੁੰਦ ਬਹੁਤ ਸੀ। ਮੇਰੀ ਨੀਂਦ ਪੂਰੀ ਤਰ੍ਹਾਂ ਉੱਤਰੀ ਨਹੀਂ ਸੀ। ਮਾਰਕੀਟ ਲੰਘ ਕੇ ਸਟੇਡੀਅਮ ਰੋਡ ਉੱਤੇ ਪੈਂਦੇ ਚੁਰਸਤੇ ਵਿਚ ਰਿਕਸ਼ਾ, ਮੋਟਰਸਾਈਕਲ ਵਿਚ ਜਾ ਵੱਜਿਆ ਅਤੇ ਮੈਂ ਰਿਕਸ਼ੇ ਵਿਚੋਂ ਥੱਲੇ ਜਾ ਡਿੱਗਿਆ। ਉੱਠ ਕੇ ਦੇਖਿਆ ਤਾਂ ਰਿਕਸ਼ੇ ਵਾਲਾ ਮੋਟਰਸਾਈਕਲ ਵਾਲਿਆਂ ਅੱਗੇ ਹੱਥ ਜੋੜੀ ਖੜ੍ਹਾ ਸੀ। ਉਹ ਵੀ ਭਲੇ-ਮਾਣਸ ਸੀ, ਕਹਿੰਦੇ, ਕੋਈ ਗੱਲ ਨਹੀਂ, ਤੁਸੀਂ ਜਾਓ। ਅੱਗੇ ਜਾ ਕੇ ਮੈਂ ਰਿਕਸ਼ੇ ਵਾਲੇ ਨੂੰ ਸਵਾਲ ਪੁੱਛਿਆ ਕਿ ਗ਼ਲਤੀ ਤਾਂ ਉਨ੍ਹਾਂ ਦੀ ਸੀ, ਮੁਆਫ਼ੀ ਤੂੰ ਕਿਉਂ ਮੰਗ ਰਿਹਾ ਸੀ? ਕਹਿੰਦਾ, ਸਾਹਿਬ ਜੀ, ਮੈਨੂੰ ਡਰ ਲੱਗਿਆ, ਬਈ ਮਹਿੰਗਾ ਮੋਟਰਸਾਈਕਲ ਐ, ਕਿਤੇ ਨੁਕਸਾਨ ਹੀ ਨਾ ਹੋ ਗਿਆ ਹੋਵੇ, ਐਵੇਂ ਕਿਤੇ 8-10 ਦਿਹਾੜੀਆਂ ਦੇ ਪੈਸੇ ਏਥੇ ਹੀ ਨਾ ਲੱਗ ਜਾਣ। ਹੱਥ ਜੋੜ ਕੇ ਬਚਾ ਹੁੰਦਾ ਤਾਂ ਠੀਕ ਹੈ। ਏਨਾ ਬੋਲ ਕੇ ਉਹ ਚੁਪ ਕਰ ਗਿਆ।
ਅਮੋਲਕ ਕਾਂਝਲਾ, ਈਮੇਲ