ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਜੁਲਾਈ
ਇੱਥੇ ਸ਼ਹੀਦ ਨਛੱਤਰ ਧਾਲੀਵਾਲ ਯਾਦਗਰ ਭਵਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਵਿੱਚ ‘ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਅਤੇ ਕਾਮਰੇਡ ਮੁਖਤਿਆਰ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਵੀ ਅੰਨ੍ਹੇਵਾਹ ਠੋਸਿਆ ਜਾ ਰਿਹਾ ਹੈ। ਫਰੰਟ ਵੱਲੋਂ ਸੂਬਾ ਭਰ ’ਚ 8 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ।
ਇਸ ਮੌਕੇ ਕਿਸਾਨ ਆਗੂ ਕਾਮਰੇਡ ਜਗਜੀਤ ਸਿੰਘ ਧੂੜਕੋਟ ਨੇ ਉਜਾੜੀ ਮੱਛੀ ਮਾਰਕੀਟ ਦੀ ਮੁੜ ਬਹਾਲੀ ਅਤੇ ਫੜੇ ਆਗੂਆਂ ਨੂੰ ਰਿਹਾਅ ਕਰਨ ਦਾ ਮਤਾ ਪੇਸ਼ ਕੀਤਾ ਜੋ ਪਾਸ ਕਰ ਦਿੱਤਾ ਗਿਆ। ਇਸ ਮੌਕੇ ਖੇਤ ਮਜ਼ਦੂਰ ਆਗੂ ਸ਼ੇਰ ਸਿੰਘ ਸਰਪੰਚ ਵਲੋਂ ਪੇਸ਼ ਮਤੇ ਰਾਹੀਂ ਤੇਲ ਕੀਮਤਾਂ ਵਿੱਚ ਕੀਤੇ ਜਾ ਰਹੇ ਰੋਜ਼ਾਨਾ ਵਾਧੇ ਨੂੰ ਰੋਕਣ ਅਤੇ ਹੁਣ ਤੱਕ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਹਾਈ ਕੋਰਟ ਵੱਲੋਂ ਸਕੂਲ ਫ਼ੀਸਾਂ ਸਬੰਧੀ ਪ੍ਰਾਈਵੇਟ ਸਕੂਲਾਂ ਦੇ ਹੱਕ ਵਿੱਚ ਦਿੱਤੇ ਫ਼ੈਸਲੇ ਨੂੰ ਮੁੜ ਤੋਂ ਵਿਚਾਰਨ ਦੀ ਅਪੀਲ ਵੀ ਕੀਤੀ ਗਈ।